ਬੇਅੰਤ ਸਿੰਘ ਸੰਧੂ
ਪੱਟੀ, 27 ਜੁਲਾਈ
ਪੱਟੀ ਸਬ-ਡਿਵੀਜ਼ਨ ਦੇ ਪ੍ਰਸ਼ਾਸਨ ਤੇ ਬੀਡੀਪੀਓ ਵੱਲੋਂ ਅਦਾਲਤੀ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਕੇ ਪਿੰਡ ਗੁਦਾਈਕੇ ਦੇ ਕਿਸਾਨ ਅਰੂੜ ਸਿੰਘ ਕਾਵਲ ਸਿੰਘ ਤੇ ਅਜੀਤ ਸਿੰਘ ਨੂੰ 2 ਕਿੱਲੇ ਜ਼ਮੀਨ ਖਾਲੀ ਕਰਨ ਦੇ ਦਿੱਤੇ ਗਏ ਹੁਕਮਾਂ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਵੱਲੋਂ ਸਖਤ ਇੰਤਰਾਜ਼ ਜਤਾਇਆ ਗਿਆ ਹੈ। ਜਥੇਬੰਦੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਨੇ ਕਿਹਾ ਕਿ ਅਦਾਲਤ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਕਿਸਾਨਾਂ ਨੂੰ ਜਮਾਂਬੰਦੀ ਤੇ ਗਿਰਦਾਵਰੀ ਸਮੇਤ ਅਬਾਦਕਾਰ ਮਾਲਕੀ ਹੱਕ ਮਿਲੇ ਹੋਏ ਹਨ। ਪਰ ਸੂਬਾ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਦਾ ਉਜਾੜਾ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਅਬਾਦਕਾਰ ਕਿਸਾਨਾਂ ਨਾਲ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਜ਼ਬਰਦਸਤੀ ਕੀਤੀ ਤਾਂ ਜਥੇਬੰਦੀ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ। ਇਸ ਦੌਰਾਨ ਸ੍ਰੀ ਕੋਟਬੁੱਢਾ ਨੇ ਕਿਹਾ ਕਿ ਪੰਜਾਬ ਅੰਦਰ ਬਰਸਾਤੀ ਤੇ ਦਰਿਆਈ ਪਾਣੀ ਨਾਲ ਲੋਕਾਂ ਦਾ ਵੱਡੀ ਪੱਧਰ ’ਤੇ ਆਰਥਿਕ ਨੁਕਸਾਨ ਹੋਇਆ ਹੈ ਪਰ ਸਰਕਾਰ ਲੋਕਾਂ ਦੀ 100 ਫੀਸਦੀ ਭਰਪਾਈ ਕਰਨ ਤੋਂ ਕੰਨੀ ਕਤਰਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਪੀੜਤ ਕਿਸਾਨਾਂ ਦੀ ਭਰਪਾਈ ਦੀ ਮੰਗ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਜਨਤਾ ਨਾਲ ਸਿਆਸਤ ਨਾ ਕਰੇ ਸਗੋਂ ਲੋਕਾਂ ਦੀ ਸਾਰ ਲਵੇ। ਇਸ ਮੌਕੇ ਸੁਖਵਿੰਦਰ ਸਿੰਘ, ਅੰਗਰੇਜ਼ ਸਿੰਘ, ਗੁਰਬੀਰ ਸਿੰਘ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਚਨਣ ਸਿੰਘ, ਜਗਜੀਤ ਸਿੰਘ, ਲਵਪ੍ਰੀਤ ਸਿੰਘ ਕੁਲਦੀਪ ਸਿੰਘ, ਬਲਵੰਤ ਸਿੰਘ, ਕਾਰਜ ਸਿੰਘ, ਹੀਰਾ ਸਿੰਘ, ਸਤਨਾਮ ਸਿੰਘ, ਛਿੰਦਰ ਸਿੰਘ, ਬਲਵਿੰਦਰ ਸਿੰਘ, ਨਿਸ਼ਾਨ ਸਿੰਘ ਮਲੂਕ ਸਿੰਘ, ਦਰਸ਼ਨ ਸਿੰਘ, ਮਨਜੋਤ ਸਿੰਘ ਸਰਵਣ ਸਿੰਘ ਆਦਿ ਹਾਜ਼ਰ ਸਨ।