ਪੱਤਰ ਪ੍ਰੇਰਕ
ਤਲਵਾੜਾ, 14 ਜੂਨ
ਇੱਥੋਂ ਦੇ ਨੀਮ ਪਹਾੜੀ ਕਸਬਾ ਕਮਾਹੀ ਦੇਵੀ ਦੇ ਦੋ ਹੋਣਹਾਰ ਨੌਜਵਾਨਾਂ ਨੇ ਬੀਤੇ ਸ਼ਨਿੱਚਰਵਾਰ ਆਈਐੱਮਏ ਦੇਹਰਾਦੂਨ ਦੀ ਪਾਸਿੰਗ ਆਊਟ ਦਾ ਹਿੱਸਾ ਬਣ ਕੇ ਲੈਫਟੀਨੈਂਟ ਦਾ ਰੈਂਕ ਹਾਸਲ ਕਰ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਲੰਘੇ ਕੱਲ੍ਹ ਦੇਹਰਾਦੂਨ ਵਿੱਚ ਸਥਿਤ ਭਾਰਤੀ ਸੈਨਾ ਅਕੈਡਮੀ ’ਚ ਹੋਏ ਸਲਾਮੀ ਸਮਾਰੋਹ ’ਚ ਕਮਾਹੀ ਦੇਵੀ ਦੇ ਪਿੰਡ ਬਹਿਨੰਗਲ ਤੋਂ ਅਭਿਸ਼ੇਕ ਕੰਵਰ ਅਤੇ ਪਿੰਡ ਮਨਹੋਤਾ ਦੇ ਤਪੀਸ਼ ਗੌਤਮ ਵੀ ਸ਼ਾਮਲ ਸਨ।
ਲੈਫ. ਅਭਿਸ਼ੇਕ ਕੰਵਰ ਦੇ ਪਿਤਾ ਸੁਰਿੰਦਰ ਸਿੰਘ ਕੰਵਰ ਜੋ ਕਿ ਮਰਚੈਂਟ ਨੇਵੀ ’ਚ ਹਨ। ਇਸੇ ਪਰੇਡ ’ਚ ਕਮਾਹੀ ਦੇਵੀ ਦੇ ਨਜ਼ਦੀਕੀ ਪਿੰਡ ਮਨਹੋਤਾ ਦੇ ਵਸਨੀਕ ਤਪੀਸ਼ ਗੌਤਮ ਨੇ ਵੀ ਬਤੌਰ ਲੈਫਟੀਨੈਂਟ ਸਲਾਮੀ ਲਈ। ਅਧਿਆਪਕ ਮਾਤਾ-ਪਿਤਾ ਦੇ ਸਪੁੱਤਰ ਤਪਿਸ਼ ਗੌਤਮ ਦੀ ਕਾਮਯਾਬੀ ’ਤੇ ਉਨ੍ਹਾਂ ਦੇ ਸੇਵਾਮੁਕਤ ਅਧਿਆਪਕ ਦਾਦਾ ਵਿਸ਼ਵਨਾਥ ਗੌਤਮ ਅਤੇ ਦਾਦੀ ਸੰਤੋਸ਼ ਕੁਮਾਰੀ ਨੇ ਖੁਸ਼ੀ ਪ੍ਰਗਟਾਈ। ਕਰੋਨਾ ਸੰਕਟ ਦੇ ਚੱਲਦਿਆਂ ਇਸ ਵਾਰ ਆਈਐੱਮਏ ਦੇਹਰਾਦੂਨ ਵਿੱਚ ਆਪਣੇ ਬੱਚਿਆਂ ਦੀ ਸਲਾਮੀ ਪਰੇਡ ’ਚ ਸ਼ਾਮਲ ਨਾ ਹੋਣ ’ਤੇ ਮਾਪਿਆਂ ਨੇ ਅਫ਼ਸੋਸ ਪ੍ਰਗਟ ਕੀਤਾ।
ਆਕਾਸ਼ਦੀਪ ਸਿੰਘ ਦੇ ਘਰ ਵੀ ਵਧਾਈਆਂ ਦਾ ਤਾਂਤਾ
ਤਰਨ ਤਾਰਨ(ਪੱਤਰ ਪ੍ਰੇਰਕ): ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਦੀ ਪਾਸਿੰਗ ਆਊਟ ਪਰੇਡ ਦੌਰਾਨ ਥਲ ਸੈਨਾ ਮੁਖੀ ਜਨਰਲ ਐੱਮ ਐੱਮ ਨਰਵਾਣੇ ਵੱਲੋਂ ‘ਸਵੌਰਡ ਆਫ਼ ਆਨਰ’ ਦਾ ਖ਼ਿਤਾਬ ਹਾਸਿਲ ਕਰਨ ਵਾਲੇ ਪਿੰਡ ਕੈਰੋਂ ਦੇ ਵਸਨੀਕ ਲੈਫਟੀਨੈਂਟ ਆਕਾਸ਼ਦੀਪ ਸਿੰਘ ਢਿੱਲੋਂ ਦੇ ਪਰਿਵਾਰ ਨੂੰ ਮੁਬਾਰਕਾਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਇਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਿਤ ਆਕਾਸ਼ਦੀਪ ਸਿੰਘ ਢਿਲੋਂ ਦੇ ਦਾਦਾ ਗੁਰਵੇਲ ਸਿੰਘ ਢਿਲੋਂ, ਦਾਦੀ ਹਰਭਜਨ ਕੌਰ, ਪਿਤਾ ਗੁਰਪ੍ਰੀਤ ਸਿੰਘ ਅਤੇ ਮਾਤਾ ਬੀਰਇੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਨੂੰ ਇੱਕ ਹੀ ਵੇਲੇ ‘ਬੈਸਟ ਸਪੋਰਟਸਮੈਨ’, ‘ਬੈਸਟ ਪਰਸਨੈਲਿਟੀ’ ਅਤੇ ‘ਬੈਸਟ ਮੋਟੀਵੇਟਰ’ ਦਾ ਐਵਾਰਡ ਮਿਲਣਾ ਪਰਿਵਾਰ ਲਈ ਹੋਰ ਮਾਣ ਵਾਲੀ ਗੱਲ ਹੈ।