ਐਨਪੀ. ਧਵਨ
ਪਠਾਨਕੋਟ, 24 ਜੂਨ
ਹਿੰਦੂ ਕੋਆਪਰੇਟਿਵ ਬੈਂਕ ਪਠਾਨਕੋਟ ਵਿੱਚੋਂ ਪੈਸਿਆਂ ਦੀ ਨਿਕਾਸੀ ਸ਼ੁਰੂ ਨਾ ਹੋਣ ਕਰਕੇ ਖਾਤਾਧਾਰਕਾਂ ਦੀ ਸੰਘਰਸ਼ ਸਮਿਤੀ ਨੇ ਅੱਜ ਇਥੇ ਬੈਂਕ ਮੂਹਰੇ ਅਤਿ ਗਰਮੀ ਵਿੱਚ ਧਰਨਾ ਦਿੱਤਾ ਅਤੇ ਰੋਸ ਵਜੋਂ ਬੈਂਕ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਧਰਨਾ ਪ੍ਰਦਰਸ਼ਨ ਦੀ ਅਗਵਾਈ ਸੰਘਰਸ਼ ਸਮਿਤੀ ਦੇ ਪ੍ਰਧਾਨ ਰਜਤ ਬਾਲੀ ਨੇ ਕੀਤੀ। ਇਸ ਧਰਨੇ ਵਿੱਚ ਵਰਿੰਦਰ ਸਾਗਰ, ਨਰੇਸ਼ ਰੈਣਾ, ਧਰਮ ਪਾਲ ਪੁਰੀ, ਭਾਰਤ ਭੂਸ਼ਣ ਪੁਰੀ, ਜਗਦੀਸ਼ ਸ਼ਰਮਾ, ਨਿਰਮਲ ਕੈਲਾ, ਵੀਨਾ ਕੁਮਾਰੀ, ਨੀਲਕਮਲ ਬਾਲੀ, ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ।
ਇਸ ਮੌਕੇ ਸਮਿਤੀ ਪ੍ਰਧਾਨ ਰਜਤ ਬਾਲੀ ਨੇ ਕਿਹਾ ਕਿ ਬਜ਼ੁਰਗ ਅਤੇ ਮਹਿਲਾ ਖਾਤਾਧਾਰਕ ਇੰਨੀ ਗਰਮੀ ਵਿੱਚ ਤਪਦੀ ਸੜਕ ਤੇ ਬੈਠ ਕੇ ਆਪਣੇ ਹੀ ਪੈਸਿਆਂ ਨੂੰ ਕਢਵਾਉਣ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਬੈਂਕ ਪ੍ਰਸ਼ਾਸਨ ਅਤੇ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਐਲਾਨ ਕੀਤਾ ਕਿ 27 ਤਰੀਕ ਸੋਮਵਾਰ ਨੂੰ ਡਿਪਟੀ ਕਮਿਸ਼ਨਰ-ਕਮ-ਪ੍ਰਸ਼ਾਸਕ ਦੇ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।