ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 1 ਜੁਲਾਈ
ਪੁਲੀਸ ਥਾਣਾ ਧਾਰੀਵਾਲ ਦੇ ਪਿੰਡ ਫੱਜੂਪੁਰ ਦੇ ਸ਼ਮਸ਼ਾਨਘਾਟ ਵਿੱਚ 24 ਤੇ 25 ਜੂਨ ਦੀ ਰਾਤ ਨੂੰ ਪਿੰਡ ਲੇਹਲ ਦੇ ਸ਼ਾਮ ਲਾਲ ਅਤੇ ਸਟੀਫਨ ਮਸੀਹ ਦੇ ਹੋਏ ਕਤਲ ਦੀ ਗੁੱਥੀ ਪੁਲੀਸ ਨੇ ਸੁਲਝਾ ਲਈ ਹੈ। ਹੱਤਿਆ ਦੇ ਦੋਸ਼ ਹੇਠ ਅਮਨਦੀਪ ਉਰਫ ਰਮਨ ਵਾਸੀ ਫੱਜੂਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਖ਼ਿਲਾਫ਼ ਪਹਿਲਾ ਵੀ ਥਾਣਾ ਧਾਰੀਵਾਲ ਵਿੱਚ ਦੋ ਕੇਸ ਦਰਜ ਹਨ। ਮੁਲਜ਼ਮ 19 ਮਈ ਨੂੰ ਜ਼ਮਾਨਤ ’ਤੇ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਜ਼ਿਲ੍ਹਾ ਗੁਰਦਾਸਪੁਰ ਦੇ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਿੰਡ ਫੱਜੂਪੁਰ ਦੇ ਸ਼ਮਸ਼ਾਨਘਾਟ ਦੇ ਸਾਹਮਣੇ ਖੇਤ ਵਿੱਚੋਂ 25 ਜੂਨ ਨੂੰ ਸ਼ਾਮ ਲਾਲ ਅਤੇ ਸਟੀਫਨ ਮਸੀਹ ਦੀਆਂ ਲਾਸ਼ਾਂ ਮਿਲੀਆਂ ਸਨ। ਕਿਸਾਨ ਤਰਲੋਕ ਸਿੰਘ ਵਾਸੀ ਲੇਹਲ ਦੇ ਬਿਆਨ ’ਤੇ ਥਾਣਾ ਧਾਰੀਵਾਲ ਵਿੱਚ ਕੇਸ ਦਰਜ ਕੀਤਾ ਗਿਆ ਸੀ ਤੇ ਐੱਸਪੀ (ਡੀ) ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਟੀਮ ਗਠਿਤ ਕੀਤੀ ਗਈ ਸੀ। ਇਸੇ ਦੌਰਾਨ ਅਮਨਦੀਪ ਉਰਫ ਰਮਨ ਵਾਸੀ ਫੱਜੂਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਦੌਰਾਨ ਮ੍ਰਿਤਕ ਸ਼ਾਮ ਲਾਲ ਦਾ ਖੋਹਿਆ ਗਿਆ ਮੋਬਾਈਲ ਫੋਨ ਬਰਾਮਦ ਕੀਤਾ ਹੈ। ਉਸ ਨੇ ਮੰਨਿਆਂ ਕਿ ਉਸ ਦਿਨ ਉਹ ਨਸ਼ੇ ਵਿੱਚ ਹੀ ਫੱਜੂਪੁਰ ਦੇ ਸ਼ਮਸ਼ਾਨਘਾਟ ਚਲਾ ਗਿਆ ਸੀ। ਉੱਥੇ ਸ਼ਾਮ ਲਾਲ ਅਤੇ ਸਟੀਫਨ ਮਸੀਹ ਵੀ ਮੌਜੂਦ ਸੀ। ਸਟੀਫਨ ਮਸੀਹ ਨਾਲ ਉਸ ਦੀ ਬਹਿਸ ਹੋਣ ’ਤੇ ਆਪਸ ਵਿੱਚ ਉਲਝ ਗਏ। ਸ਼ਾਮ ਲਾਲ ਦੀ ਦਖਲਅੰਦਾਜ਼ੀ ਕਰਨ ’ਤੇ ਉਸ ਨੇ ਸ਼ਮਸ਼ਾਨਘਾਟ ਵਿੱਚ ਪਿਆ ਗਮਲਾ ਚੁੱਕ ਕੇ ਉਸ ਦੇ ਸਿਰ ਵਿੱਚ ਮਾਰਨ ਨਾਲ ਉਸ ਦੀ ਮੌਤ ਹੋ ਗਈ। ਬਾਅਦ ਵਿੱਚ ਉਹ ਸਟੀਫਨ ਮਸੀਹ ਨਾਲ ਗੁੱਥਮ-ਗੁੱਥਾ ਹੁੰਦਿਆਂ ਝੋਨੇ ਦੇ ਖੇਤ ਵਿੱਚ ਚਲੇ ਗਏ। ਉਸ ਨੇ ਆਪਣੇ ਕੜੇ ਨਾਲ ਸਟੀਫਨ ਮਸੀਹ ਦੇ ਮੱਥੇ ’ਤੇ ਲਗਾਤਾਰ ਵਾਰ ਕਰਦਿਆਂ ਸਟੀਫਨ ਮਸੀਹ ਦਾ ਮੂੰਹ ਚਿੱਕੜ ਵਿੱਚ ਦਬਾ ਦਿੱਤਾ ਜਿਸ ਨਾਲ ਸਟੀਫਨ ਮਸੀਹ ਦੀ ਮੌਤ ਹੋ ਗਈ। ਫਿਰ ਉਸ ਨੇ ਸ਼ਾਮ ਲਾਲ ਦੀ ਲਾਸ਼ ਵੀ ਝੋਨੇ ਦੇ ਖੇਤ ਵਿੱਚ ਸੁੱਟ ਦਿੱਤੀ।