ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 13 ਜੂਨ
ਨਗਰ ਕੌਂਸਲ ਅਲਾਵਲਪੁਰ ਦੇ ਕੌਂਸਲਰਾਂ ਨੇ ਇੱਕ ਕਿਸਾਨ ’ਤੇ ਨਗਰ ਕੌਂਸਲ ਦੀ ਦੋ ਕਨਾਲ ਜ਼ਮੀਨ ’ਤੇ ਕਬਜ਼ਾ ਕਰ ਕੇ ਝੋਨਾ ਬੀਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ।
ਇਸ ਸਬੰਧੀ ਮੌਕਾ ਦੇਖਣ ਪਹੁੰਚੇ ਵਧੀਕ ਥਾਣਾ ਮੁਖੀ ਜੀ.ਐੱਸ. ਨਾਗਰਾ ਨੇ ਦੱਸਿਆ ਕਿ ਪੁਲੀਸ ਨੂੰ ਨਗਰ ਕੌਂਸਲ ਅਲਾਵਲਪੁਰ ਦੇ ਕਾਰਜਸਾਧਕ ਅਫ਼ਸਰ ਹਰਨਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਅਲਾਵਲਪੁਰ ਨਗਰ ਕੌਂਸਲ ਦੀ ਕਰੀਬ ਦੋ ਕਨਾਲ ਜ਼ਮੀਨ ’ਤੇ ਇੱਕ ਕਿਸਾਨ ਫ਼ਸਲ ਬੀਜ ਰਿਹਾ ਹੈ।
ਉਕਤ ਕਿਸਾਨ ਦੀ ਜ਼ਮੀਨ ਵੀ ਨਗਰ ਕੌਂਸਲ ਦੀ ਜ਼ਮੀਨ ਦੇ ਨਾਲ ਲੱਗਦੀ ਹੈ ਜਿਸ ਕਰ ਕੇ ਉਹ ਛੁੱਟੀ ਵਾਲੇ ਦਿਨ ਉਕਤ ਥਾਂ ’ਤੇ ਕਬਜ਼ਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਮੌਕੇ ’ਤੇ ਜਾ ਕੇ ਉਨ੍ਹਾਂ ਵਲੋਂ ਉਕਤ ਕਿਸਾਨ ਨੂੰ ਥਾਂ ਦੇ ਕਾਗਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ ਤੇ ਕਾਗਜ਼ ਨਾ ਦਿਖਾਊਣ ਤੱਕ ਕੌਂਸਲ ਦੀ ਜ਼ਮੀਨ ’ਤੇ ਕੁੱਝ ਨਾ ਬੀਜਣ ਲਈ ਕਿਹਾ ਗਿਆ ਸੀ ਪਰ ਬੀਤੀ ਰਾਤ ਕਿਸਾਨ ਵੱਲੋਂ ਮੁੜ ਵਿਵਾਦਤ ਥਾਂ ’ਤੇ ਝੋਨਾ ਬੀਜਣ ਦੀ ਕੋਸ਼ਿਸ਼ ਕੀਤੀ ਗਈ। ਇਸ ’ਤੇ ਪੁਲੀਸ ਅਧਿਕਾਰੀਆਂ ਨੇ ਕਿਸਾਨ ਨੂੰ ਕਿਹਾ ਕਿ ਜਦੋਂ ਤੱਕ ਉਕਤ ਥਾਂ ਦੀ ਨਿਸ਼ਾਨਦੇਹੀ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਵੀ ਉਸ ਥਾਂ ’ਤੇ ਕੁੱਝ ਨਹੀਂ ਕਰੇਗਾ। ਇਸ ਤੋਂ ਪਹਿਲਾ ਅਲਾਵਲਪੁਰ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਮਦਨ ਲਾਲ ਮੱਦੀ, ਦੀਪਕ ਗੁਪਤਾ, ਕੁਲਦੀਪ ਕੌਰ, ਰਾਮ ਰਤਨ ਪੱਪੀ, ਸੁਦੇਸ਼ ਰਾਣੀ ਸ਼ਰਮਾ, ਵਿਨੋਦ ਕੁਮਾਰ (ਸਾਰੇ ਕੌਂਸਲਰ) ਨੇ ਈਓ ਨੂੰ ਮੰਗ ਪੱਤਰ ਦੇ ਕੇ ਦੱਸਿਆ ਸੀ ਕਿ ਉਕਤ ਥਾਂ ’ਤੇ ਨਗਰ ਕੌਂਸਲ ਵੱਲੋਂ ਪਾਰਕ ਬਣਾਉਣ ਦਾ ਮਤਾ ਪਾਸ ਕੀਤਾ ਹੋਇਆ ਹੈ ਤੇ ਉਕਤ ਕਿਸਾਨ ਨੇ ਨਗਰ ਕੌਂਸਲ ਵੱਲੋਂ ਪਾਣੀ ਦੇ ਨਿਕਾਸ ਲਈ ਬਣਾਇਆ ਨਾਲਾ ਵੀ ਢਾਹ ਦਿੱਤਾ ਹੈ। ਊੱਧਰ, ਕਿਸਾਨ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਜੱਦੀ ਜ਼ਮੀਨ ਹੈ ਤੇ ਪਿਛਲੇ 35 ਸਾਲਾਂ ਤੋਂ ਉਹ ਇਸ ਥਾਂ ’ਤੇ ਫਸਲ ਬੀਜਦੇ ਆ ਰਹੇ ਹਨ।