ਗੁਰਬਖ਼ਸ਼ਪੁਰੀ
ਤਰਨ ਤਾਰਨ, 21 ਦਸੰਬਰ
ਇੱਥੋਂ ਦੇ ਖਡੂਰ ਸਾਹਿਬ ਚੌਕ-ਬਾਈਪਾਸ ’ਤੇ ਸਥਿਤ ਪੈਟਰੋਲ ਪੰਪ ’ਤੇ ਅੱਜ ਸ਼ਾਮ ਨੂੰ ਦੋ ਧਿਰਾਂ ਵਿਚਾਲੇ ਗੋਲੀਆਂ ਚੱਲਣ ਦੌਰਾਨ 57 ਲੱਖ ਰੁਪਏ ਦੀ ਲੁੱਟ ਹੋਣ ਦਾ ਡਰਾਮਾ ਕਰਨ ਵਾਲਿਆਂ ਖਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕਾਰਵਾਈ ਸ਼ੁਰੂ ਕੀਤੀ ਹੈ|
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਅਦਨ ਮਰਵਾਹਾ ਨੇ ਦੱਸਿਆ ਕਿ ਉਸ ਨੇ ਆਪਣੀ ਝਬਾਲ-ਬਾਈਪਾਸ ਤੇ ਸਥਿਤ ਕੋਠੀ ਵੇਚਣ ਲਈ ਨਿਸ਼ਾਨ ਸਿੰਘ ਨਾਂ ਦੇ ਵਿਅਕਤੀ ਨਾਲ ਸੌਦਾ ਕੀਤਾ ਸੀ। ਉਸ ਨੇ ਅੱਜ ਕੋਠੀ ਦੀ ਕੀਮਤ ਦਾ ਭੁਗਤਾਨ ਕਰਨ ਲਈ ਇਕਰਾਰ ਕੀਤਾ ਸੀ| ਨਿਸ਼ਾਨ ਸਿੰਘ ਅੱਜ ਸਵੇਰ ਤੋਂ ਹੀ ਰਕਮ ਦੇਣ ਲਈ ਉਸ ਨਾਲ ਤਾਲਮੇਲ ਕਰਦਾ ਆ ਰਿਹਾ ਸੀ ਉਹ ਨਕਦ ਭੁਗਤਾਨ ਕਰਨ ਲਈ ਜ਼ੋਰ ਦੇ ਰਿਹਾ ਸੀ| ਸ਼ਾਮ ਵੇਲੇ ਜਿਵੇਂ ਹੀ ਨਿਸ਼ਾਨ ਸਿੰਘ ਆਪਣੀ ਕਾਰ ’ਤੇ ਭੁਗਤਾਨ ਕਰਨ ਲਈ ਮਰਵਾਹਾ ਦੇ ਪੈਟਰੋਲ ਪੰਪ ’ਤੇ ਆਇਆ ਤਾਂ ਉਸ ਦੇ ਪੰਪ ’ਤੇ ਪਹੁੰਚਣ ਦੇ ਛੇਤੀ ਬਾਅਦ ਹੀ ਮੋਟਰਸਾਈਕਲਾਂ ’ਤੇ ਤਿੰਨ ਹਥਿਆਰਬੰਦ ਲੁਟੇਰਿਆਂ ਦੇ ਭੇਸ ਵਿੱਚ ਉਥੇ ਆਏ ਅਤੇ ਅਚਾਨਕ ਦੋਵਾਂ ਧਿਰਾਂ ਵਿਚਾਲੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ| ਪੈਟਰੋਲ ਪੰਪ ਅੰਦਰ ਬੈਠੇ ਅਦਨ ਮਰਵਾਹਾ ਨੂੰ ਨਿਸ਼ਾਨ ਸਿੰਘ ਨੇ ਦੱਸਿਆ ਕਿ ਲੁਟੇਰੇ ਉਸ ਕੋਲੋਂ 57 ਲੱਖ ਲੁੱਟ ਕੇ ਲੈ ਗਏ ਹਨ|
ਡੀਐਸਪੀ ਬਰਜਿੰਦਰ ਸਿੰਘ ਨੇ ਘਟਨਾ ਨੂੰ ਡਰਾਮਾ ਆਖਦਿਆਂ ਪੁਲੀਸ ਨੂੰ ਝੂਠੀ ਜਾਣਕਾਰੀ ਦੇਣ ਵਾਲਿਆਂ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ| ਕੁਝ ਮੁਲਜ਼ਮਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਚਾਰ ਜਣੇ ਫਰਾਰ ਦੱਸੇ ਜਾ ਰਹੇ ਹਨ|