ਕੇ.ਪੀ ਸਿੰਘ
ਗੁਰਦਾਸਪੁਰ, 12 ਜੁਲਾਈ
ਇੱਥੋਂ ਦੀ ਗੀਤਾ ਭਵਨ ਰੋਡ ਤੇ ਅੱਜ ਤੜਕਸਾਰ ਇੱਕ ਦਰਜਨ ਦੇ ਕਰੀਬ ਆਵਾਰਾ ਖ਼ੂੰਖ਼ਾਰ ਕੁੱਤਿਆਂ ਵੱਲੋਂ ਇੱਕ ਅਣਪਛਾਤੇ ਵਿਅਕਤੀ ਨੂੰ ਨੋਚ-ਨੋਚ ਕੇ ਮਾਰ ਦੇਣ ਦੀ ਘਟਨਾ ਦੇ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ । ਨਗਰ ਕੌਂਸਲ ਦੇ ਕਰਮਚਾਰੀਆਂ ਨੇ ਇਸ ਸੜਕ ਤੋਂ ਅੱਠ ਆਵਾਰਾ ਕੁੱਤਿਆਂ ਨੂੰ ਪਿੰਜਰੇ ਵਿੱਚ ਪਾ ਕੇ ਕਾਬੂ ਕੀਤਾ । ਇਨ੍ਹਾਂ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਗੀਤਾ ਭਵਨ ਰੋਡ ਨਿਵਾਸੀਆਂ ਵੱਲੋਂ ਕਈ ਵਾਰ ਨਗਰ ਕੌਂਸਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਸੜਕ ਤੇ ਘੁੰਮਦੇ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਦੁਆਈ ਜਾਵੇ ਕਿਉਂਕਿ ਇਨ੍ਹਾਂ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ । ਅੱਜ ਦੀ ਘਟਨਾ ਮਗਰੋਂ ਇਲਾਕਾ ਵਾਸੀ ਬੇਹੱਦ ਗ਼ੁੱਸੇ ਵਿੱਚ ਸਨ ਅਤੇ ਉਨ੍ਹਾਂ ਨਗਰ ਕੌਂਸਲ ਮੂਹਰੇ ਧਰਨਾ ਦੇਣ ਦਾ ਮਨ ਬਣਾ ਲਿਆ। ਇਸ ਦੀ ਸੂਹ ਮਿਲਣ ਤੇ ਨਗਰ ਕੌਂਸਲ ਦੀ ਨੀਂਦ ਖੁੱਲ੍ਹੀ ਅਤੇ ਬਾਅਦ ਦੁਪਹਿਰ ਬਟਾਲਾ ਤੋਂ ਕੁੱਤੇ ਫੜਨ ਵਾਲੀ ਵੈਨ ਮੰਗਵਾਈ ਗਈ। ਨਗਰ ਕੌਂਸਲ ਕਰਮਚਾਰੀਆਂ ਵੱਲੋਂ ਗੀਤਾ ਭਵਨ ਰੋਡ ਤੋਂ ਅੱਠ ਕੁੱਤਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਉਹ ਕੁੱਤੇ ਵੀ ਸ਼ਾਮਲ ਸਨ ਜਿਨ੍ਹਾਂ ਵਿਅਕਤੀ ਨੂੰ ਨੋਚਿਆ ਸੀ।