ਕੇ.ਪੀ ਸਿੰਘ
ਗੁਰਦਾਸਪੁਰ, 2 ਅਗਸਤ
ਐੱਸਸੀ ਵਰਗ ਨਾਲ ਸਬੰਧਿਤ ਗ਼ਰੀਬਾਂ ਨੂੰ ਵੰਡੇ ਜਾਣ ਲਈ ਪ੍ਰਸ਼ਾਸਨ ਕੋਲ ਪਹੁੰਚੇ ਪੰਜ ਦਰਜਨ ਦੇ ਕਰੀਬ ਨਵੇਂ ਰੇਹੜੀ ਰਿਕਸ਼ੇ ਖੁੱਲ੍ਹੇ ਅਸਮਾਨ ਹੇਠ ਜੰਗਾਲੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੀਐੱਮ 06 ਯੋਜਨਾ ਤਹਿਤ ਇਹ ਰੇਹੜੀ ਰਿਕਸ਼ੇ ਐੱਸਸੀ ਭਾਈਚਾਰੇ ਦੇ ਗ਼ਰੀਬਾਂ ਨੂੰ ਦਿੱਤੇ ਜਾਣੇ ਹਨ ਤਾਂ ਕਿ ਉਹ ਇਨ੍ਹਾਂ ਰਿਕਸ਼ਿਆਂ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾ ਸਕਣ। ਬੀਤੇ ਕਰੀਬ ਛੇ ਮਹੀਨੇ ਤੋਂ ਇਹ ਰਿਕਸ਼ੇ ਸਹਾਇਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਵਿਚਲੀ ਖ਼ਾਲੀ ਥਾਂ ਤੇ ਲਾਪਰਵਾਹੀ ਨਾਲ ਸੁੱਟੇ ਗਏ ਹਨ । ਇਨ੍ਹਾਂ ਰਿਕਸ਼ਿਆਂ ਤੋਂ ਅਜੇ ਤੱਕ ਕਵਰ ਵੀ ਨਹੀਂ ਉਤਰੇ ਅਤੇ ਖੁੱਲ੍ਹੇ ਅਸਮਾਨ ਹੇਠਾਂ ਜੰਗਲੀ ਬੂਟੀ ਵਿੱਚ ਪਏ ਇਹ ਰਿਕਸ਼ੇ ਬਰਸਾਤ ਦੇ ਮੌਸਮ ਵਿੱਚ ਕਬਾੜ ਬਣਨ ਵੱਲ ਵਧ ਰਹੇ ਹਨ । ਇਸ ਸਬੰਧੀ ਜਦੋਂ ਸਹਾਇਕ ਡਿਪਟੀ ਕਮਿਸ਼ਨਰ (ਵਿਕਾਸ ) ਨਾਲ ਬਲਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਰਿਕਸ਼ੇ ਸਬੰਧਿਤ ਹਲਕਿਆਂ ਵਿੱਚ ਵੰਡੇ ਜਾਣ ਲਈ ਭੇਜੇ ਜਾ ਰਹੇ ਹਨ ।