ਪੱਤਰ ਪ੍ਰੇਰਕ
ਤਰਨ ਤਾਰਨ, 30 ਅਪਰੈਲ
ਬਾਬਾ ਬਿੱਧੀ ਚੰਦ ਸੰਪਰਦਾ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਦਾ ਲੜਕਾ ਬਾਬਾ ਪ੍ਰੇਮ ਸਿੰਘ ਬੀਤੀ ਰਾਤ ਉਦੋਂ ਮੁੜ ਵਿਵਾਦਾਂ ਵਿਚ ਆ ਗਿਆ ਜਦੋਂ ਉਹ ਤਰਨ ਤਾਰਨ-ਝਬਾਲ ਸੜਕ ’ਤੇ ਇਕ ਹਾਦਸੇ ਨੂੰ ਅੰਜਾਮ ਦੇਣ ਮਗਰੋਂ ਝਬਾਲ ’ਚ ਲੱਗਿਆ ਪੁਲੀਸ ਨਾਕਾ ਤੋੜ ਕੇ ਫਰਾਰ ਹੋ ਗਿਆ। ਥਾਣਾ ਝਬਾਲ ਦੇ ਸਬ-ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਬਾਬਾ ਪ੍ਰੇਮ ਸਿੰਘ ਫਾਰਚੂਨਰ ਗੱਡੀ ’ਤੇ ਤਰਨ ਤਾਰਨ ਵਿੱਚ ਇੱਕ ਹਾਦਸਾ ਕਰਨ ਮਗਰੋਂ ਝਬਾਲ ਵੱਲ ਆ ਰਿਹਾ ਸੀ। ਉਸ ਨਾਲ ਤਿੰਨ ਹੋਰ ਨਿਹੰਗ ਸਿੰਘ ਸਵਾਰ ਸਨ। ਸੂਚਨਾ ਮਿਲਣ ’ਤੇ ਪੁਲੀਸ ਨੇ ਝਬਾਲ-ਤਰਨ ਤਾਰਨ ਸੜਕ ’ਤੇ ਨਾਕਾ ਲਾ ਦਿੱਤਾ। ਪੁਲੀਸ ਨੇ ਗੱਡੀ ਨੂੰ ਰੋਕਣਾ ਚਾਹਿਆ ਪਰ ਬਾਬਾ ਪ੍ਰੇਮ ਸਿੰਘ ਤੇਜ਼ ਰਫ਼ਤਾਰ ਕਾਰ ਨਾਲ ਨਾਕਾ ਤੋੜ ਕੇ ਫਰਾਰ ਹੋ ਗਿਆ ਅਤੇ ਪੁਲੀਸ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਝਬਾਲ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਬਾਬਾ ਪ੍ਰੇਮ ਸਿੰਘ ਵੱਲੋਂ ਕੀਤੇ ਹਾਦਸੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਮਾਮਲਾ ਹਾਲੇ ਜਾਂਚ ਅਧੀਨ ਹੈ। ਫ਼ਿਲਹਾਲ ਰਾਤ ਵਾਲੀ ਘਟਨਾ ਤੋਂ ਬਾਅਦ ਬਾਬਾ ਪ੍ਰੇਮ ਸਿੰਘ ਫਰਾਰ ਚੱਲ ਰਿਹਾ ਹੈ। ਵਰਣਨਯੋਗ ਹੈ ਕਿ ਸੁਰਸਿੰਘ ਸੰਪਰਦਾ ਦੀ ਜਾਇਦਾਦ ਸਬੰਧੀ ਬਾਬਾ ਅਵਤਾਰ ਸਿੰਘ ਤੇ ਉਸ ਦੇ ਛੋਟੇ ਭਰਾ ਗੁਰਬਚਨ ਸਿੰਘ ਨਾਲ ਕਈ ਸਾਲਾਂ ਤੋਂ ਟਕਰਾਅ ਚਲਦਾ ਆ ਰਿਹਾ ਹੈ ਅਤੇ ਕਈ ਵਾਰ ਦੋਵੇਂ ਧਿਰਾਂ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ ਹਨ। ਇੱਕ ਦੂਸਰੇ ਖਿਲਾਫ਼ ਦੋਵੇਂ ਧਿਰਾਂ ਨੇ ਕਈ ਫੌਜਦਾਰੀ ਕੇਸ ਵੀ ਦਰਜ ਕਰਵਾਏ ਹੋਏ ਹਨ ਤੇ ਦੋਵੇਂ ਧਿਰਾਂ ਨੂੰ ਰਾਜਸੀ ਸਰਪ੍ਰਸਤੀ ਵੀ ਹਾਸਲ ਹੈ।