ਗੁਰਬਖ਼ਸ਼ਪੁਰੀ
ਤਰਨ ਤਾਰਨ, 10 ਅਗਸਤ
ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨ ਤਾਰਨ ਹਲਕੇ ਤੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਮੁੱਖ ਸੇਵਾਦਾਰ ਬਣਾਉਣ ਤੇ ਪਾਰਟੀ ਅੰਦਰ ਬਗਾਵਤੀ ਸੁਰਾਂ ਉੱਠੀਆਂ ਹਨ| ਬਗਾਵਤ ਦਾ ਝੰਡਾ ਬੁਲੰਦ ਕਰਦਿਆਂ ਕਰੀਬ ਇਕ ਸਾਲ ਤੋਂ ਹਲਕੇ ਅੰਦਰ ਸਿਆਸੀ ਸਰਗਰਮੀਆਂ ਕਰ ਰਹੇ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਸੰਧੂ ਨੇ ਅੱਜ ਇਥੇ ਆਪਣੇ ਸਮਰਥਕਾਂ ਅਤੇ ਵਰਕਰਾਂ ਦੀ ਭਰਵੀਂ ਇਕੱਤਰਤਾ ਕੀਤੀ। ਉਨ੍ਹਾਂ ਕਿਹਾ ਕਿ ਉਹ ਬੀਤੇ 25 ਸਾਲਾਂ ਤੋਂ ਅਕਾਲੀ ਦਲ ਵਿੱਚ ਕੰਮ ਕਰਦੇ ਆ ਰਹੇ ਹਨ| ਉਨ੍ਹਾਂ ਆਪਣੇ ਵਿਰੋਧੀਆਂ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਅੱਜ ਤੱਕ ਕੋਈ ਲੋਭ-ਲਾਲਚ ਨਹੀਂ ਰੱਖਿਆ। ਵਰਕਰਾਂ ਲਈ ਇਕਜੁੱਟ ਹੋ ਕੇ ਕੰਮ ਕਰਦਿਆਂ ਪਾਰਟੀ ਨੂੰ ਮਜ਼ਬੂਤ ਕੀਤਾ ਅਤੇ ਜੋ ਵੀ ਡਿਊਟੀ ਪਾਰਟੀ ਨੇ ਸੌਂਪੀ ਉਸ ’ਤੇ ਡਟ ਕੇ ਪਹਿਰਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਗਲੀ ਰਣਨੀਤੀ ਆਪਣੇ ਵਰਕਰਾਂ ਦੀਆਂ ਸਲਾਹ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹਨ ਅਤੇ ਡਟ ਕੇ ਅਕਾਲੀ ਦਲ ਦੇ ਨਾਲ ਖੜ੍ਹੇ ਰਹੇ ਹਨ।