ਕੇ.ਪੀ ਸਿੰਘ
ਗੁਰਦਾਸਪੁਰ, 13 ਅਪਰੈਲ
ਅਕਾਲੀ-ਭਾਜਪਾ ਗੱਠਜੋੜ ਸਿਰੇ ਨਾ ਚੜ੍ਹਨ ਮਗਰੋਂ ਭਾਜਪਾ ਵੱਲੋਂ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸੀ । ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ 7 ਉਮੀਦਵਾਰਾਂ ਦੀ ਸੂਚੀ ਵਿੱਚ ਗੁਰਦਾਸਪੁਰ ਤੋਂ ਸੀਨੀਅਰ ਅਕਾਲੀ ਨੇਤਾ ਡਾ. ਦਲਜੀਤ ਸਿੰਘ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ । ਇਸ ਐਲਾਨ ਨਾਲ ਰਾਜਨੀਤਿਕ ਹਲਕਿਆਂ ਅਤੇ ਆਮ ਵੋਟਰਾਂ ਵਿੱਚ ਵੀ ਹੈਰਾਨੀ ਵੇਖਣ ਨੂੰ ਮਿਲੀ ਹੈ। ਭਾਵੇਂ ਕਿ ਮੂਲ ਰੂਪ ਵਿੱਚ ਉਹ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ ਪਰ ਉਨ੍ਹਾਂ ਦਾ ਨਾਮ ਦੀ ਚਰਚਾ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਹੋ ਰਹੀ ਸੀ । ਇਸ ਤੋਂ ਪਹਿਲਾਂ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ, ਸੁੱਚਾ ਸਿੰਘ ਛੋਟੇਪੁਰ, ਮਾਝਾ ਯੂਥ ਵਿੰਗ ਦੇ ਪ੍ਰਧਾਨ ਰਵੀ ਕਰਨ ਸਿੰਘ ਕਾਹਲੋਂ, ਸਵਰਨ ਸਲਾਰੀਆ ਵਿੱਚੋਂ ਕਿਸੇ ਇੱਕ ਨੂੰ ਚੋਣ ਲੜਾਉਣ ਦੀਆਂ ਚਰਚਾਵਾਂ ਸਨ । ਭਾਜਪਾ ਵੱਲੋਂ ਦਿਨੇਸ਼ ਬੱਬੂ ਨੂੰ ਟਿਕਟ ਦਿੱਤੇ ਜਾਣ ਮਗਰੋਂ ਨਾਰਾਜ਼ ਹੋਈ ਸਵਰਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦਾ ਨਾਮ ਵੀ ਅਕਾਲੀ ਉਮੀਦਵਾਰ ਵਜੋਂ ਚਰਚਾ ਵਿੱਚ ਰਿਹਾ। ਗੁਰਦਾਸਪੁਰ ਸੰਸਦੀ ਹਲਕੇ ਵਿੱਚ ਨੌਂ ਵਿਧਾਨ ਸਭਾ ਸੀਟਾਂ ਹਨ । ਇਨ੍ਹਾਂ ਵਿੱਚੋਂ ਭੋਆ, ਪਠਾਨਕੋਟ, ਸੁਜਾਨਪੁਰ ਅਤੇ ਦੀਨਾਨਗਰ ਹਿੰਦੂ-ਪ੍ਰਭਾਵੀ ਸੀਟਾਂ ਵਜੋਂ ਜਾਣੀਆਂ ਜਾਂਦੀਆਂ ਹਨ ਅਤੇ ਆਮ ਤੌਰ ‘ਤੇ ਜਦੋਂ ਵੀ ਸੰਸਦੀ ਚੋਣਾਂ ਹੁੰਦੀਆਂ ਹਨ ਤਾਂ ਇਹ ਹਲਕੇ ਨਿਰਨਾਇਕ ਭੂਮਿਕਾ ਨਿਭਾਉਂਦੇ ਹਨ । ਸੂਤਰਾਂ ਅਨੁਸਾਰ ਇਹ ਹਲਕੇ ਡਾ. ਚੀਮਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ।