ਪੱਤਰ ਪ੍ਰੇਰਕ
ਤਰਨ ਤਾਰਨ, 15 ਨਵੰਬਰ
ਤਿੰਨ ਦਿਨ ਪਹਿਲਾਂ ਇਲਾਕੇ ਦੇ ਪਿੰਡ ਦੀਨੇਵਾਲ ਦੇ ਵਾਸੀ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਸ਼ੋਸਲ ਮੀਡੀਆ ਦੇ ਸਟਾਰ ਦੀ ਦੋ ਪੁਲੀਸ ਵਾਲਿਆਂ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਦਾ ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਪ੍ਰਤਿਨਿਧੀਆਂ ਅਤੇ ਪਿੰਡ ਦੀ ਪੰਚਾਇਤ ਨੇ ਦੋਹਾਂ ਧਿਰਾਂ ਦਰਮਿਆਨ ਅੱਜ ਸਮਝੌਤਾ ਕਰਵਾ ਦਿੱਤਾ ਹੈ| ਇਸ ਸਮਝੌਤੇ ਦੀ ਇਕ ਕਾਪੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੂੰ ਦੇ ਕੇ ਦੋਹਾਂ ਧਿਰਾਂ ਨੇ ਪੁਲੀਸ ਨੂੰ ਕਿਸੇ ਕਿਸਮ ਦੀ ਅਗਲੇਰੀ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ| ਇਸ ਸਮਝੌਤੇ ਦੀ ਕਾਪੀ ਥਾਣਾ ਮੁੱਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਮਿਲ ਜਾਣ ਦੀ ਪੁਸ਼ਟੀ ਕੀਤੀ ਹੈ|
ਇਸ ਮਾਮਲੇ ਸਬੰਧੀ ਵਾਇਰਲ ਹੋਈ ਵੀਡੀਓ ਵਿੱਚ ਪੁਲੀਸ ਮੁਲਾਜ਼ਮ ਧਰਮਪ੍ਰੀਤ ਸਿੰਘ ‘ਮੁੱਖ ਮੰਤਰੀ’ ਦੀ ਕੁੱਟਮਾਰ ਕਰਦਿਆਂ ਉਸ ਨੂੰ ਵਾਲਾਂ ਤੋਂ ਫੜ੍ਹ ਕੇ ਜਮੀਨ ਦੇ ਘੜੀਸਦੇ ਹਨ ਅਤੇ ਉਸ ਤੇ ਡਾਂਗਾ ਵਰਾਉਂਦੇ ਦਿਖਾਈ ਦੇ ਰਹੇ ਹਨ| ਸਮਝੌਤਾ ਕਰਵਾਉਣ ਵਾਲਿਆਂ ਵਿੱਚ ਅੰਮ੍ਰਿਤਸਰ ਦੇ ਬਾਬਾ ਜਗਤਾਰ ਸਿੰਘ, ਸੰਤ ਸਿਪਾਹੀ ਮੋਰਚਾ ਦੇ ਆਗੂ ਦਵਿੰਦਰ ਸਿੰਘ, ਸਾਂਝੇ ਲੋਕ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਆਗੂ ਲਖਵਿੰਦਰ ਸਿੰਘ ਅਤੇ ਦੀਨੇਵਾਲ ਦੇ ਸਰਪੰਚ ਬਲਜੀਤ ਸਿੰਘ ਦਾ ਨਾਮ ਸ਼ਾਮਲ ਹੈ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਦੋਵੇਂ ਏਐੱਸਆਈ ਗੁਰਭੇਜ ਸਿੰਘ ਅਤੇ ਸੁਖਵਿੰਦਰ ਸਿੰਘ ਖਿਲਾਫ਼ ਵਿਭਾਗੀ ਜਾਂਚ ਪਹਿਲਾਂ ਦੀ ਹੀ ਸ਼ੁਰੂ ਕਰ ਦਿੱਤੀ ਗਈ ਹੈ|