ਹਰਪ੍ਰੀਤ ਕੌਰ
ਹੁਸ਼ਿਆਰਪੁਰ, 12 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਸਥਾਨਕ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਅੱਜ 274ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਦੌਰਾਨ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਸਾਰੇ ਹੱਥਕੰਡੇ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਣਗੇ ਅਤੇ ਕਿਸਾਨੀ ਸੰਘਰਸ਼ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮਨਵਾਉਣ ਲਈ ਮਜਬੂਰ ਕਰ ਦੇਵੇਗਾ। ਧਰਨੇ ਨੂੰ ਗੁਰਮੇਸ਼ ਸਿੰਘ, ਮਾਸਟਰ ਹਰਕੰਵਲ ਸਿੰਘ, ਗੁਰਦੀਪ ਸਿੰਘ ਖੁਣ-ਖੁਣ, ਓਮ ਸਿੰਘ ਸਟਿਆਣਾ, ਕਮਲਜੀਤ ਸਿੰਘ ਰਾਜਪੁਰ ਭਾਈਆਂ ਨੇ ਸੰਬੋਧਨ ਕੀਤਾ।
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਥਾਨਕ ਸ਼ਹਿਰ ਵਿੱਚ ਜੀਓ ਸੈਂਟਰ ਅੱਗੇ ਕਾਮਰੇਡ ਦਰਸ਼ਨ ਸਿੰਘ ਮੱਟੂ, ਕਾਮਰੇਡ ਗੁਰਨੇਕ ਸਿੰਘ ਭੱਜਲ ਦੀ ਅਗਵਾਈ ਹੇਠ ਚੱਲ ਰਹੇ ਕਿਸਾਨਾਂ ਦੇ ਰੋਸ ਧਰਨੇ ਦੇ ਅੱਜ 246ਵੇਂ ਦਿਨ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਨੂੰ ਸਮਰਥਨ ਦਿੱਤਾ ਅਤੇ ਆਪਣੀਆਂ ਤਕਰੀਰਾਂ ਵਿੱਚ ਕੇਂਦਰ ਸਰਕਾਰ ਦੀ ਨਿੰਦਾ ਕੀਤੀ। ਇਸ ਮੌਕੇ ਹੁਸ਼ਿਆਰ ਸਿੰਘ ਗੋਲਡੀ, ਸ਼ਿੰਗਾਰਾ ਰਾਮ ਭੱਜਲ, ਮਾਸਟਰ ਹੰਸ ਰਾਜ, ਬਲਵੰਤ ਰਾਮ,ਕਸ਼ਮੀਰੀ ਲਾਲ ਤੇ ਸੁੱਚਾ ਸਿੰਘ ਨੇ ਰੋਜ਼ਾਨਾ ਇਸ ਧਰਨੇ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ।
ਕਿਸਾਨ ਜਥੇਬੰਦੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ
ਤਰਨ ਤਾਰਨ (ਗੁਰਬਖਸ਼ਪੁਰੀ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਰਹੱਦੀ ਖੇਤਰ ਦੇ ਪਿੰਡ ਸਿੱਧਵਾਂ ਵਿੱਚ ਅੱਜ ਇਕੱਤਰਤਾ ਕਰਕੇ ਕਿਸਾਨਾਂ ਨੂੰ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਹੋਰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਤੋਂ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਹੋਣ ਵਾਲੇ ਨੁਕਸਾਨਾਂ ਦੀ ਜਾਣਕਾਰੀ ਦਿੱਤੀ| ਇਸ ਮੌਕੇ ਜਥੇਬੰਦੀ ਦੀ ਪਿੰਡ ਇਕਾਈ ਦੇ ਅਹੁਦੇਦਾਰਾਂ ਦੀ ਕੀਤੀ ਚੋਣ ਵਿੱਚ ਅਜੀਤ ਸਿੰਘ ਨੂੰ ਪ੍ਰਧਾਨ, ਗੁਰਮੇਲ ਸਿੰਘ ਨੂੰ ਜਨਰਲ ਸਕੱਤਰ, ਬਲਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਫੌਜੀ ਨੂੰ ਖਜ਼ਾਨਚੀ, ਦਲਜੀਤ ਸਿੰਘ ਸੰਧੂ ਨੂੰ ਮੀਤ ਪ੍ਰਧਾਨ, ਜੀਵਨ ਸਿੰਘ ਨੂੰ ਸੰਗਠਨ ਸਕੱਤਰ ਅਤੇ ਜਗਜੀਤ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ| ਇਸ ਮੌਕੇ ਪਾਸ ਕੀਤੇ ਇਕ ਮਤੇ ਰਾਹੀਂ ਸਰਹੱਦੀ ਖੇਤਰ ਅੰਦਰ ਯੂਨੀਅਨ ਜਥੇਬੰਧਕ ਤੌਰ ਤੇ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ|
ਆਜ਼ਾਦੀ ਦਿਹਾੜੇ ਦੇ ਸਮਾਗਮ ਸਬੰਧੀ ਲਾਮਬੰਦੀ
ਚੇਤਨਪੁਰਾ(ਰਣਬੀਰ ਸਿੰਘ ਮਿੰਟੂ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋ ਚਾਰ ਬਲਾਕ ਅਟਾਰੀ, ਬਲਾਕ ਹਰਸ਼ਾ ਛੀਨਾ, ਬਲਾਕ ਮਜੀਠਾ, ਬਲਾਕ ਚੋਗਾਵਾਂ ਦੇ ਆਗੂਆ ਦੀ ਮੀਟਿੰਗ ਪਿੰਡ ਪੰਡੋਰੀ ਵੜੈਚ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਹਰਚਰਨ ਸਿੰਘ ਮੱਦੀਪੁਰ ਤੇ ਰਛਪਾਲ ਸਿੰਘ ਟਰਪਈ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਸ ਵਾਰੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ 15 ਅਗਸਤ ਦਾ ਪ੍ਰੋਗਰਾਮ ਮੀਰਾਂਕੋਟ ਚੌਕ ਵਿੱਚ ਰਿਲਾਇੰਸ ਦੇ ਮਾਲ ਅੱਗੇ ਕਾਨਫਰੰਸ ਕਰਕੇ ਮਨਾਇਆ ਜਾਵੇਗੀ। ਇਸ ਮੌਕੇ ਬਾਬਾ ਕਰਮਜੀਤ ਸਿੰਘ ਪ੍ਰਧਾਨ ਬਲਾਕ ਅਟਾਰੀ, ਬਾਬਾ ਰਾਜਨ ਸਿੰਘ ਪ੍ਰਧਾਨ ਚੁਗਾਵਾਂ ਬਲਾਕ, ਡਾ ਬਚਿੱਤਰ ਸਿੰਘ ਕੋਟਲਾ ਪ੍ਰਧਾਨ ਹਰਸ਼ਾ ਛੀਨਾ ਬਲਾਕ, ਹਰਪਾਲ ਸਿੰਘ ਪ੍ਰਧਾਨ ਮਜੀਠਾ ਬਲਾਕ ਹਾਜ਼ਰ ਸਨ।