ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਫਰਵਰੀ
ਸਿਹਤ ਵਿਭਾਗ ਵਲੋਂ ਅੱਜ ਕੌਮੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜੋ ਤਿੰਨ ਦਿਨ ਚੱਲੇਗੀ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਛੋਟੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਰਣਜੀਤ ਐਵੀਨਿਊ ਵਿਚ ਸੇਟੇਲਾਈਟ ਹਸਪਤਾਲ ਤੋਂ ਇਕ ਆਟੋ ਰਿਕਸ਼ਾ ਰੈਲੀ ਨੂੰ ਵੀ ਜਾਗਰੂਕਤਾ ਲਈ ਰਵਾਨਾ ਕੀਤਾ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਤਿੰਨ ਦਿਨ ਚੱਲਣ ਵਾਲੀ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਤਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾਣਗੀਆਂ। ਉਨਾਂ ਕਿਹਾ ਕਿ ਭਾਵੇਂ ਭਾਰਤ ਪੋਲੀਓ ਮੁਕਤ ਦੇਸ਼ਾਂ ਦੀ ਗਿਣਤੀ ਵਿਚ ਸ਼ਾਮਲ ਹੈ ਪਰ ਇਸ ਸਥਿਤੀ ਨੂੰ ਬਰਕਰਾਰ ਰੱਖਣ ਲਈ ਯਤਨ ਜ਼ਰੂਰੀ ਹਨ। ਉਨਾਂ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਪੋਲੀਓ ਵਾਇਰਸ ਹੋਣ ਕਾਰਨ ਇਥੇ ਵੀ ਖਤਰਾ ਬਣਿਆ ਰਹਿੰਦਾ ਹੈ। ਇਸੇ ਲਈ ਇਹ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ।ਇਸ ਦੌਰਾਨ ਜ਼ਿਲਾ ਟੀਕਾਕਰਨ ਅਧਿਕਾਰੀ ਡਾ ਕੰਵਲਜੀਤ ਸਿੰਘ ਨੇ ਦਸਿਆ ਕਿ ਇਹ ਤਿੰਨ ਦਿਨਾ ਮੁਹਿੰਮ ਇਕ ਮਾਰਚ ਨੂੰ ਖਤਮ ਹੋਵੇਗੀ। ਉਨ੍ਹਾਂ ਦਸਿਆ ਕਿ ਜ਼ਿਲੇ ਦੀ 27 ਲੱਖ ਆਬਾਦੀ ਦੇ ਲਗਪਗ ਸਾਢੇ ਪੰਜ ਲੱਖ ਘਰਾਂ ਵਿਚ ਜਾ ਕੇ ਵੀ ਟੀਮਾਂ ਵਲੋਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ। ਇਸ ਲਈ 1428 ਬੂਥ ਸਥਾਪਤ ਕੀਤੇ ਹਨ ਅਤੇ 2856 ਟੀਮਾਂ ਬਣਾਈਆਂ ਗਈਆਂ ਹਨ। ਨਿਗਰਾਨੀ ਵਾਸਤੇ 287 ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ।
ਜਲੰਧਰ ਜ਼ਿਲ੍ਹੇ ’ਚ ਪਹਿਲੇ ਦਿਨ 96138 ਬੱਚਿਆਂ ਨੂੰ ਪਿਲਾਈਆਂ ਬੂੰਦਾਂ
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਕੌਮੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਅਤੇ ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ ਡਾ.ਕਮਲ ਸਿੱਧੂ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਹਸਪਤਾਲ ਜਲੰਧਰ ਵਿਚ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ। ਸਿਵਲ ਸਰਜਨ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ’ਚ ਕੁਲ 1005 ਬੂਥਾਂ ’ਤੇ 96138 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਜਿਨ੍ਹਾਂ ’ਚ ਪੇਂਡੂ ਖੇਤਰਾਂ ਵਿੱਚ 625 ਬੂਥਾਂ ’ਤੇ 64743 ਬੱਚਿਆਂ ਨੂੰ ਅਤੇ ਸ਼ਹਿਰੀ ਖੇਤਰ ਦੇ 380 ਬੂਥਾਂ ’ਤੇ 31395 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਦੇ ਨਾਲ ਹੀ ਅੱਜ ਪਹਿਲੇ ਦਿਨ ਮਿੱਥੇ ਟੀਚੇ ਦਾ 44 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ। ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਜੋ ਮਾਪੇ ਕਿਸੇ ਕਾਰਨ ਕਰਕੇ ਆਪਣੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮੁਹਿੰਮ ਦੇ ਪਹਿਲੇ ਦਿਨ ਬੂਥਾਂ ’ਤੇ ਲਿਜਾ ਕੇ ਪੋਲੀਓ ਰੋਧਕ ਬੂੰਦਾਂ ਨਹੀਂ ਪਿਲਾ ਸਕੇ ਉਹ ਸੋਮਵਾਰ ਨੂੰ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਉਣ।