ਪੱਤਰ ਪ੍ਰੇਰਕ
ਤਰਨ ਤਾਰਨ, 14 ਅਗਸਤ
ਅਕਾਲੀ ਦਲ (ਅੰਮ੍ਰਿਤਸਰ) ਦੇ ਸੈਂਕੜੇ ਵਰਕਰਾਂ ਨੇ ਅੱਜ ਸ਼ਹਿਰ ਅੰਦਰ ਕੇਸਰੀ ਝੰਡੇ ਲੈ ਕੇ ਇਕ ਮਾਰਚ ਕੀਤਾ| ਇਹ ਮਾਰਚ ਸ਼ਹਿਰ ਦੀ ਸਰਹਾਲੀ ਰੋਡ ਸਥਿਤ ਮਾਝਾ ਕਾਲਜ ਫਾਰ ਵਿਮੈੱਨ ਤੋਂ ਸ਼ੁਰੂ ਹੋ ਕੇ ਇੱਥੇ ਸਿਵਲ ਹਸਪਤਾਲ ਨੇੜੇ ਜਾ ਕੇ ਸਮਾਪਤ ਹੋਇਆ| ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਅਤੇ ਸੂਬਾ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਦੀ ਅਗਵਾਈ ਵਿੱਚ ਕੀਤੇ ਇਸ ਮਾਰਚ ’ਚ ਪਾਰਟੀ ਵਰਕਰਾਂ ਨੇ ਕੇਸਰੀ ਨਿਸ਼ਾਨ ਲੈ ਕੇ ਭਾਗ ਲਿਆ| ਇਸ ਦੌਰਾਨ ਹਰਪਾਲ ਸਿੰਘ ਬਲੇਰ ਨੇ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ’ਤੇ ਪਾਰਟੀ ਨੇ ਇਹ ਮਾਰਚ ਦੇਸ਼ ਦੇ ਪ੍ਰਧਾਨ ਪੰਤਰੀ ਨਰਿੰਦਰ ਮੋਦੀ ਵਲੋਂ ‘ਹਰ ਘਰ ਤਿਰੰਗਾ’ ਮੁਹਿੰਮ ਦੇ ਬਰਾਬਰ ਸਿੱਖਾਂ ਵਲੋਂ ਆਪਣੀ ਵੱਖਰੀ ਹੋਂਦ ਜਤਾਉਣ ਲਈ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕੇਂਦਰ ਸਰਕਾਰ ਵਲੋਂ ਆਰਐੱਸਐੱਸ ਦੇ ਇਸ਼ਾਰਿਆਂ ’ਤੇ ਸਿੱਖਾਂ, ਘੱਟ ਗਿਣਤੀਆਂ ਆਦਿ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ| ਉਨ੍ਹਾਂ ਕਿਹਾ ਕਿ ਪਾਰਟੀ ਸਿੱਖਾਂ ਨੂੰ ਨਿਆਂ ਮਿਲਣ ਤੱਕ ਸੰਘਰਸ਼ ਕਰਦੀ ਰਹੇਗੀ| ਉਨ੍ਹਾਂ ਕਿਹਾ ਕਿ ਸਿੱਖ ਸਰਕਾਰ ਦੀਆਂ ਵਧੀਕੀਆਂ ਸਹਿਣ ਨਹੀਂ ਕਰਨਗੇ| ਮਾਨ ਦਲ ਦੇ ਵਰਕਰਾਂ ਨੇ ਮਾਰਚ ਦੇ ਅੰਤ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਖੂਬ ਨਾਅਰੇ ਲਗਾਏ|