ਰਾਜਨ ਮਾਨ
ਮਜੀਠਾ, 20 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਲੜਾਈ ’ਚੋਂ ਬਾਹਰ ਹਨ ਅਤੇ ਇਹ ਸਿਰਫ ਆਪਣੇ ਵਜ਼ੂਦ ਦੀ ਲੜਾਈ ਲੜ ਰਹੇ ਹਨ। ਸਰਹੱਦੀ ਪਿੰਡ ਓਠੀਆਂ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਰਾਜਾਸਾਂਸੀ ਦੇ ਨੌਜਵਾਨ ਆਗੂ ਗੁਰਸ਼ਰਨ ਸਿੰਘ ਛੀਨਾ ਵਲੋਂ ਕਰਵਾਈ ਗਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਵਿਕਾਸ ਦੇ ਨਾਲ-ਨਾਲ ਸਰਹੱਦੀ ਖੇਤਰ ਦੇ ਲੋਕਾਂ ਦਾ ਆਰਥਿਕ ਪੱਧਰ ਉਪਰ ਚੁੱਕਣ ਲਈ ਉਹ ਪਹਿਲ ਦੇ ਆਧਾਰ ’ਤੇ ਕੰਮ ਕਰਨਗੇ। ਉਨ੍ਹਾਂ ਕਿਹਾ ਹੁਣ ਤੱਕ ਜਿੰਨੇ ਵੀ ਲੋਕ ਸਭਾ ਮੈਂਬਰ ਆਏ ਹਨ, ਉਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਉਨ੍ਹਾਂ ਦੇ ਵਿਕਾਸ ਲਈ ਕਦੇ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਬਣ ਕੇ ਕੰਮ ਕਰ ਰਿਹਾ ਹੈ ਅਤੇ ਅਕਾਲੀ ਦਲ ਨੇ ਹਮੇਸ਼ਾ ਹੀ ਭਾਜਪਾ ਨਾਲ ਮਿਲ ਕੇ ਪੰਜਾਬ ਦੇ ਹਿੱਤਾਂ ਤੇ ਡਾਕੇ ਮਾਰੇ ਹਨ। ਪੰਜਾਬ ਦੀ ਸੱਤਾ ’ਤੇ 25 ਸਾਲ ਰਾਜ ਕਰਕੇ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਦਾ ਹਮੇਸ਼ਾ ਭਾਜਪਾ ਸਰਕਾਰ ਨਾਲ ਸੌਦਾ ਕਰ ਕੇ ਸਿਰਫ ਆਪਣੀ ਕੇਂਦਰ ਵਿੱਚ ਵਜ਼ੀਰੀ ਪੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਚੋਣਾਂ ਵਿੱਚ ਇਹਨਾਂ ਦੋਹਾਂ ਪਾਰਟੀਆਂ ਦਾ ਅੰਦਰੂਨੀ ਸਮਝੌਤਾ ਹੋਇਆ ਹੈ। ਉਨ੍ਹਾਂ ਕਿਹਾ ਅਕਾਲੀ ਦਲ ਨੇ ਅਖੀਰ ਭਾਜਪਾ ਦੀ ਝੋਲੀ ਵਿੱਚ ਪੈਣਾ ਹੈ ਇਸ ਲਈ ਕਿਸਾਨਾਂ ਤੇ ਮਜ਼ਦੂਰਾਂ ਦੇ ਦੁਸ਼ਮਣ ਦੋਹਾਂ ਪਾਰਟੀਆਂ ਨੂੰ ਮੂੰਹ ਨਾ ਲਾਇਆ ਜਾਵੇ। ਭਾਜਪਾ ਉਮੀਦਵਾਰ ’ਤੇ ਵਾਰ ਕਰਦਿਆਂ ਧਾਲੀਵਾਲ ਨੇ ਕਿਹਾ, ‘‘ ਸੱਤਾ ਦੇ ਲਾਲਚ ਵਿੱਚ ਸਿਰਫ ਇਹ ਅੰਮ੍ਰਿਤਸਰ ਆਇਆ ਹੈ। ਪਹਿਲਾਂ ਕਦੇ ਇਸ ਨੂੰ ਗੁਰੂ ਨਗਰੀ ਦਾ ਧਿਆਨ ਨਹੀਂ ਆਇਆ। ਇਹ ਸਾਰੇ ਲੋਕ ਫਸਲੀ ਬਟੇਰੇ ਹਨ। ਜਿਵੇਂ ਪਿਛਲੀਵਾਰ ਹਰਦੀਪ ਸਿੰਘ ਪੁਰੀ ਇਥੋਂ ਚੋਣ ਲੜੇ ਸਨ ਅਤੇ ਫਿਰ ਕੇਂਦਰੀ ਮੰਤਰੀ ਵੀ ਬਣ ਗਏ ਪਰ ਇਥੋਂ ਦੇ ਲੋਕਾਂ ਦੀ ਸਾਰ ਨਹੀਂ ਲਈ ਕਿਉਂਕਿ ਉਹ ਇਥੋਂ ਜਿੱਤਣ ਆਏ ਸਨ ਪਰ ਹਾਰਨ ਕਰਕੇ ਲੋਕਾਂ ਨਾਲ ਰਿਸ਼ਤਾ ਤੋੜ ਲਿਆ ਅਤੇ ਇਹੀ ਹਾਲ ਤਰਨਜੀਤ ਸੰਧੂ ਦਾ ਹੈ।’’