ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਕਾਦੀਆਂ/ਬਟਾਲਾ, 11 ਫਰਵਰੀ
ਹਲਕਾ ਕਾਦੀਆਂ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਅੱਜ ਕਾਂਦੀਆਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਕਾਦੀਆਂ ਦੇ ਲੋਕਾਂ ਨੇ 11 ਵਾਰ ਬਾਜਵਾ ਪਰਿਵਾਰ ਨੂੰ ਵਿਧਾਇਕ ਬਣਾਇਆ ਪਰ ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ, ਹੁਣ ਇਕ ਮੌਕਾ ਮਾਹਲ ਪਰਿਵਾਰ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕਾਂਦੀਆਂ ਦਾ ਮਾੜਾ ਹਾਲ ਲੋਕਾਂ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਤੇ ਪੁਰਾਣੇ ਸ਼ਹਿਰ ਕਾਦੀਆਂ ਨੂੰ ਬਾਜਵਾ ਪਰਿਵਾਰ ਨੇ ਕਦੇ ਵੀ ਬਣਦੀ ਤਵੱਜੋਂ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਮਾਹਲ ਪਰਿਵਾਰ ਦੀ ਸਮਾਜ ਸੇਵਾ ਤੋਂ ਚੰਗੀ ਤਰ੍ਹਾਂ ਵਾਕਿਫ ਹਨ ਅਤੇ ਉਹ ਵਿਧਾਇਕ ਬਣ ਕੇ ਹੋਰ ਜ਼ਿਆਦਾ ਨਿੱਠ ਕੇ ਸੇਵਾ ਲਈ ਤੱਤਪਰ ਰਹਿਣਗੇ। ਇਸ ਮੌਕੇ ਜਰਨੈਲ ਸਿੰਘ ਮਾਹਲ, ਐੱਮਸੀ ਗਿਨੀ ਭਾਟੀਆ, ਐੱਮਸੀ ਰਾਜੇਸ਼ ਕੁਮਾਰ, ਐੱਮ.ਸੀ. ਵਿਜੇ ਕੁਮਾਰ ਆਦਿ ਹਾਜ਼ਰ ਸਨ।