ਦਲਬੀਰ ਸੱਖੋਵਾਲੀਆ
ਬਟਾਲਾ, 23 ਅਗਸਤ
ਸ਼੍ਰੋਮਣੀ ਅਕਾਲੀ ਦਲ ਬਾਜ਼ੀਗਰ ਵਿੰਗ ਦੇ ਕੌਮੀ ਪ੍ਰਧਾਨ ਮੱਖਣ ਸਿੰਘ ਲਾਲਕਾ ਨੇ ਬਟਾਲਾ ਨੇੜਲੇ ਪਿੰਡ ਨਵਾਂਪਿੰਡ ’ਚ ਇਲਾਕੇ ਦੇ ਵੱਡੀ ਗਿਣਤੀ ’ਚ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਲ ਨੇ ਹੁਣ ਤੱਕ ਇਸ ਭਾਈਚਾਰੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰੀ ਰੱਖਿਆ ਹੈ। ਜਦੋਂ ਕਿ ਕਾਂਗਰਸ ਪਾਰਟੀ ਵੱਲੋਂ ਤਾਂ ਭਾਈਚਾਰੇ ਨੂੰ ਇੱਕ ਸੀਟ ਬਕਾਇਦਾ ਦਿੱਤੀ ਜਾ ਰਹੀ ਹੈ।
ਕੌਮੀ ਪ੍ਰਧਾਨ ਨੇ ਆਖਿਆ ਕਿ ਅਕਾਲੀ ਦਲ ਹਾਈਕਮਾਨ ਦੀਆਂ ਅੱਖਾਂ ਖੋਲ੍ਹਣ ਲਈ 29 ਅਗਸਤ ਨੂੰ ਨਾਭਾ ’ਚ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਕਾਲੀ ਦਲ ਹਾਈਕਮਾਨ ਵੱਲੋਂ ਬਸਪਾ ਨਾਲ ਸਮਝੌਤੇ ਤੋਂ ਬਾਅਦ 8-10 ਸੀਟਾਂ ’ਤੇ ਖੱਬੇਪੱਖੀ ਧਿਰਾਂ ਨਾਲ ਸਮਝੌਤੇ ਦੀ ਗੱਲ ਹੋ ਰਹੀ ਹੈ, ਪਰ ਬਾਜ਼ੀਗਰ ਭਾਈਚਾਰੇ ਨੂੰ ਮੂਲੋਂ ਹੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ।