ਪੱਤਰ ਪ੍ਰੇਰਕ
ਕਾਹਨੂੰਵਾਨ, 22 ਜੂਨ
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸ਼ਿਕਾਇਤ ਕਰ ਕੇ ਪਿੰਡ ਕੋਟ ਟੋਡਰ ਮੱਲ ਵਿਖੇ ਪੰਚਾਇਤੀ ਜ਼ਮੀਨ ਦੀ ਕਥਿਤ ਝੂਠੀ ਬੋਲੀ ਨੂੰ ਰੱਦ ਕਰਵਾਇਆ ਗਿਆ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਅਤੇ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਦੋਸ਼ ਲਗਾਇਆ ਕਿ ਪਿੰਡ ਕੋਟ ਟੋਡਰ ਮੱਲ ਵਿਖੇ 16 ਜੂਨ ਨੂੰ ਪੰਚਾਇਤ ਜ਼ਮੀਨ ਦੀ ਬੋਲੀ ਫ਼ਰਜ਼ੀ ਤੌਰ ’ਤੇ ਕਾਗ਼ਜ਼ਾਂ ਵਿੱਚ ਦਰਜ ਕਰ ਦਿੱਤੀ ਗਈ। ਆਗੂਆਂ ਨੇ ਦਾਅਵਾ ਕੀਤਾ ਕਿ ਐਤਵਾਰ ਵਾਲੇ ਦਿਨ ਪਿੰਡ ਦੇ ਲੋਕ ਧਾਰਮਿਕ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ। ਇਸ ਲਈ ਇਹ ਬੋਲੀ ਸਰਕਾਰੀ ਨਿਯਮਾਂ ਦੇ ਉਲਟ ਜਾ ਕੇ ਕਰਵਾਈ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਚਾਇਤ ਸੈਕਟਰੀ ਗੁਰਦਿਆਲ ਸਿੰਘ ਵੱਲੋਂ ਕੁੱਝ ਧਨਾਢ ਲੋਕਾਂ ਨਾਲ ਮਿਲ ਕੇ ਚੋਰੀ ਛਿਪੇ ਛੁੱਟੀ ਵਾਲੇ ਦਿਨ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਗਈ। ਇਸ ਲਈ ਉਹ ਮੰਗ ਕਰਦੇ ਹਨ ਕਿ ਪੰਚਾਇਤ ਸਕੱਤਰ ਗੁਰਦਿਆਲ ਸਿੰਘ ਅਤੇ ਬੋਲੀਕਾਰਾਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜ ਪੰਜ ਮਰਲੇ ਦੇ ਰਿਹਾਇਸ਼ੀ ਪਲਾਟਾਂ ਦਾ ਗਰਾਮ ਸਭਾ ਦੇ ਇਜਲਾਸ ਵਿੱਚ ਮਤਾ ਦੋ ਸਾਲ ਪਹਿਲਾਂ ਪਾਇਆ ਗਿਆ ਸੀ। ਇਸ ਲਈ ਬੇਜ਼ਮੀਨੇ ਅਤੇ ਬੇਘਰੇ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨ ਵਿੱਚੋਂ ਪਲਾਟ ਕੱਟ ਕੇ ਦਿੱਤੇ ਜਾਣ ਅਤੇ ਬਾਕੀ ਬਚੀ ਜ਼ਮੀਨ ਦੀ ਬੋਲੀ ਕਰਵਾਈ ਜਾਵੇ। ਇਸ ਮੌਕੇ ਦਲਬੀਰ ਸਿੰਘ, ਸੱਜਣ ਸਿੰਘ ਰਾਊਵਾਲ, ਮੰਗਲ ਸਿੰਘ, ਦਿਲਬਾਗ ਸਿੰਘ, ਪਰਮਜੀਤ ਕੌਰ, ਹਰਜਿੰਦਰ ਕੌਰ, ਮਨਜੀਤ ਕੌਰ, ਰਾਣੀ, ਹਰਜਿੰਦਰ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।