ਪੱਤਰ ਪ੍ਰੇਰਕ
ਭਿੱਖੀਵਿੰਡ, 9 ਜੁਲਾਈ
ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਸਦਰ ਪੱਟੀ ਦੀ ਪੁਲੀਸ ਕਤਲ ਕੇਸ ਵਿਚ ਕਾਬੂ ਕੀਤੇ ਮੁਲਜ਼ਮ ਵੱਲੋਂ ਅਣਮਨੁੱਖੀ ਤਸ਼ੱਦਦ ਦੇ ਦੋਸ਼ ਲਗਾਏ ਜਾਣ ’ਤੇ ਸਵਾਲਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਮਾਮਲਾ ਬੀਤੇ ਦਿਨੀ ਪੱਟੀ ਦੇ ਚੂਸਲੇਵੜ ਵਿਚ ਸਾਬਕਾ ਸਰਪੰਚ ਦੇ ਪੋਤਰੇ ਦੇ ਧਮਾਨ ਸਮਾਗਮ ਵਿਚ ਗੋਲੀ ਚੱਲਣ ਦਾ ਹੈ। ਇਸ ਵਿਚ ਗੁਰਵੇਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲੀਸ ਨੇ ਸਾਬਕਾ ਸਰਪੰਚ ਰਸਾਲ ਸਿੰਘ ਉਸ ਦੇ ਪੁੱਤਰ ਮਨਦੀਪ ਸਿੰਘ ਅਤੇ ਚਮਕੌਰ ਸਿੰਘ ਸਣੇ ਕਈ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ। ਪੱਟੀ ਦੀ ਅਦਾਲਤ ਨੇ ਅੱਜ ਮੁਲਜ਼ਮਾਂ ਨੂੰ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਸੀ, ਪਰ ਪੁਲੀਸ ਉਨ੍ਹਾਂ ਨੂੰ ਮੁੜ ਥਾਣਾ ਸਦਰ ਪੱਟੀ ਲੈ ਗਈ। ਜਦ ਮੀਡੀਆ ਨੂੰ ਇਸ ਦੀ ਭਿਣਕ ਲੱਗੀ ਤਾਂ ਪੁਲੀਸ ਵੱਲੋਂ ਮੁਲਜ਼ਮਾਂ ਦਾ ਮੈਡੀਕਲ ਪੱਟੀ ਦੀ ਬਜਾਏ ਸਰਹਾਲੀ ਹਸਪਤਾਲ ਵਿੱਚੋਂ ਕਰਵਾਕੇ ਜੇਲ੍ਹ ਛੱਡਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਪੁਲੀਸ ਦੇਰ ਸ਼ਾਮ 6 ਵਜੇ ਮੈਡੀਕਲ ਲਈ ਪੱਟੀ ਹਸਪਤਾਲ ਪੁੱਜੀ ਤਾਂ ਮੁਲਜ਼ਮ ਚਮਕੌਰ ਸਿੰਘ ਨੇ ਪੁਲੀਸ ਦੀ ਹਾਜ਼ਰੀ ਵਿਚ ਹੀ ਪੁਲੀਸ ’ਤੇ ਤਸ਼ੱਦਦ ਕਰਨ ਦੇ ਗੰਭੀਰ ਦੋਸ਼ ਲਗਾਏ। ਉਧਰ ਜਾਂਚ ਅਧਿਕਾਰੀ ਹਰਸ਼ਾ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਪੁਲੀਸ ਮੁਲਜ਼ਮਾਂ ਨੂੰ ਮੁੜ ਥਾਣੇ ਕਿਉਂ ਲੈ ਕੇ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕੱਪੜੇ ਉੱਥੇ ਸਨ। ਦੇਰ ਸ਼ਾਮ ਮੈਡੀਕਲ ਕਰਵਾਉਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਮਾਂ ਵੱਧ ਘੱਟ ਹੋ ਜਾਂਦਾ ਹੈ। ਇਸ ਬਾਰੇ ਮੈਡੀਕਲ ਅਫਸਰ ਨੇ ਕਿਹਾ ਕਿ ਪੁਲੀਸ 3 ਮੁਲਜ਼ਮਾਂ ਨੂੰ 6 ਵਜੇ ਲੈ ਕੇ ਇੱਥੇ ਪੁੱਜੀ ਅਤੇ ਸਾਢੇ 6 ਵਜੇ ਵਾਪਸ ਲੈ ਗਈ।