ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 22 ਜੁਲਾਈ
ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨਿਮਾਣੇ ਦੇ ਵਾਸੀਆਂ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਜਾਂਦੇ ਰਸਤੇ ਉੱਤੇ ਕੀਤਾ ਨਾਜਾਇਜ਼ ਕਬਜ਼ਾ ਛਡਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਸਬੰਧੀ ਪਿੰਡ ਵਾਸੀ ਗੁਰਮੇਜ ਸਿੰਘ, ਸੁਬੇਗ ਸਿੰਘ ਤੇ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਦੀ ਛੇ ਕਨਾਲ ਜ਼ਮੀਨ ਪਿੰਡ ਜਾਗੋਵਾਲ ਬਾਂਗਰ ਨੇੜੇ ਤੋਂ ਲੰਘਦੀ ਨਹਿਰ ਵਾਲੇ ਪਾਸੇ ਪੈਂਦੀ ਹੈ ਪਰ ਉਸ ਜ਼ਮੀਨ ਨੂੰ ਕੋਈ ਰਸਤਾ ਨਾ ਹੋਣ ਕਾਰਨ ਉਸ ਦੀ ਨਿਲਾਮੀ ਬਹੁਤ ਘੱਟ ਹੁੰਦੀ ਹੈ। ਇਸ ਦੇ ਨਾਲ-ਨਾਲ ਉਸ ਪਾਸੇ ਕਰੀਬ ਚਾਰ-ਪੰਜ ਪਿੰਡ ਵਾਸੀਆਂ ਦੀ ਵਾਹੀਯੋਗ ਜ਼ਮੀਨ ਵੀ ਪੈਂਦੀ ਹੈ ਪਰ ਉਸ ਰਕਬੇ ਨੂੰ ਕੋਈ ਰਸਤਾ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਫ਼ਸਲ ਦੀ ਬਿਜਾਈ ਤੇ ਕਟਾਈ ਕਰਨ ਵੇਲੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਵੱਲੋਂ ਇਸ ਜ਼ਮੀਨ ਨੂੰ ਰਸਤਾ ਦੇਣ ਦੀ ਮੰਗ ਨੂੰ ਲੈ ਕੇ ਕਈ ਵਾਰ ਪਿੰਡ ਦੀ ਪੰਚਾਇਤ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਇਸ ਕੰਮ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਕਰੀਬ ਇਕ ਸਾਲ ਪਹਿਲਾਂ ਉਨ੍ਹਾਂ ਵੱਲੋਂ ਇਸ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਰਖ਼ਾਸਤ ਦਿੱਤੀ ਗਈ ਸੀ ਜੋ ਉੱਪਰੋਂ ਡੀਡੀਪੀਓ ਅਤੇ ਬੀਡੀਪੀਓ ਰਾਹੀਂ ਹੁੰਦੀ ਹੋਈ ਕਰੀਬ ਛੇ ਮਹੀਨੇ ਪਹਿਲਾਂ ਪਿੰਡ ਦੀ ਸਰਪੰਚ ਮਲਕੀਤ ਕੌਰ ਕੋਲ ਪਹੁੰਚ ਗਈ ਸੀ ਪਰ ਉਨ੍ਹਾਂ ਵੱਲੋਂ ਜਾਣਬੁੱਝ ਕੇ ਨਿਸ਼ਾਨਦੇਹੀ ਦੇ ਕੰਮ ਨੂੰ ਲੇਟ ਕੀਤਾ ਜਾ ਰਿਹਾ ਹੈ। ਹੁਣ ਉਹ ਮਜਬੂਰ ਹੋ ਕਿ ਫਿਰ ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਣਗੇ ਅਤੇ ਉਨ੍ਹਾਂ ਦੇ ਹੁਕਮਾਂ ਦੀ ਊਲੰਘਣਾ ਹੋਣ ਸਬੰਧੀ ਜਾਣੂ ਕਰਵਾਉਣਗੇ।
ਊੱਧਰ, ਇਸ ਸਬੰਧੀ ਗੱਲ ਕਰਨ ’ਤੇ ਸਰਪੰਚ ਮਲਕੀਤ ਕੌਰ ਨੇ ਕਿਹਾ ਕਿ ਉਹ ਫ਼ਸਲ ਦੀ ਕਟਾਈ ਹੋਣ ਤੋਂ ਬਾਅਦ ਨਿਸ਼ਾਨਦੇਹੀ ਕਰਵਾ ਦੇਣਗੇ।
ਕੀ ਕਹਿੰਦੇ ਨੇ ਅਧਿਕਾਰੀ
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕਾਹਨੂੰਵਾਨ ਸੁਖਜਿੰਦਰ ਸਿੰਘ ਵੜੈਚ ਨੇ ਇਸ ਸਬੰਧੀ ਗੱਲ ਕਰਨ ’ਤੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਪਰ ਉਹ ਨਿੱਜੀ ਤੌਰ ’ਤੇ ਪਤਾ ਕਰ ਕੇ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਦੀ ਕੋਸ਼ਿਸ਼ ਕਰਨਗੇ।