ਹਰਜੀਤ ਸਿੰਘ ਪਰਮਾਰ
ਬਟਾਲਾ, 14 ਮਈ
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਅੰਗਹੀਣਤਾ ਸਰਟੀਫਿਕੇਟ ਬਣਾਉਣ ਪਹੁੰਚੀ ਐਡਵੋਕੇਟ ਲੜਕੀ ਨੇ ਸਿਵਲ ਹਸਪਤਾਲ ਬਟਾਲਾ ਦੇ ਐੱਸਐੱਮਓ ’ਤੇ ਉਸ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਇਸ ਮੌਕੇ ਲੜਕੀ ਨਾਲ ਆਏ ਉਸ ਦੇ ਪਿਤਾ ਅਤੇ ਹੋਰਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਜਦੋਂ ਰੌਲਾ-ਰੱਪਾ ਪਾਇਆ ਤਾਂ ਮਾਮਲਾ ਮੀਡੀਆ ਤੱਕ ਪਹੁੰਚ ਗਿਆ। ਇਸ ’ਤੇ ਐੱਸਐੱਮਓ ਨੇ ਤੁਰੰਤ ਸਰਟੀਫਿਕੇਟ ਜਾਰੀ ਕਰ ਦਿੱਤਾ।
ਇਸ ਸਬੰਧੀ ਐਡਵੋਕੇਟ ਮਹਿਤਾਬ ਕੌਰ ਨੇ ਦੱਸਿਆ ਕਿ ਉਸ ਨੇ ਸਰਕਾਰੀ ਵਕੀਲ ਲਈ ਪੇਪਰ ਦੇਣਾ ਸੀ, ਜਿਸ ਲਈ ਉਸ ਨੂੰ ਅੰਗਹੀਣਤਾ ਸਰਟੀਫਿਕੇਟ ’ਤੇ ਐੱਸਐੱਮਓ ਦੇ ਦਸਤਖਤ ਚਾਹੀਦੇ ਸਨ। ਅੱਜ ਸਵੇਰੇ ਉਹ ਸਿਵਲ ਹਸਪਤਾਲ ਬਟਾਲਾ ਪਹੁੰਚੀ ਤਾਂ ਹੱਡੀਆਂ ਦੇ ਡਾਕਟਰ ਹਰਪ੍ਰੀਤ ਸਿੰਘ ਵੱਲੋਂ ਉਸ ਦੀ ਸਰੀਰਕ ਜਾਂਚ ਤੋਂ ਬਾਅਦ ਸਰਟੀਫਿਕੇਟ ’ਤੇ ਦਸਤਖਤ ਕਰ ਦਿੱਤੇ ਅਤੇ ਨਾਲ ਹੀ ਸਰਟੀਫਿਕੇਟ ’ਤੇ ਐੱਸਐੱਮਓ ਦੇ ਕਾਊਂਟਰ ਦਸਤਖਤ ਕਰਵਾਉਣ ਲਈ ਕਿਹਾ।
ਐਡਵੋਕੇਟ ਮਹਿਤਾਬ ਕੌਰ ਨੇ ਅੱਗੇ ਦੱਸਿਆ ਕਿ ਐੱਸਐੱਮਓ ਦਾ ਦਫ਼ਤਰ ਉਪਰਲੀ ਮੰਜ਼ਿਲ ’ਤੇ ਹੋਣ ਕਾਰਨ ਉਸ ਦੇ ਪਿਤਾ ਸਰਟੀਫਿਕੇਟ ’ਤੇ ਦਸਤਖਤ ਲੈਣ ਲਈ ਐੱਸਐੱਮਓ ਨੂੰ ਮਿਲੇ ਪਰ ਉਨ੍ਹਾਂ ਉਸ ਨੂੰ ਵੀ ਦਫ਼ਤਰ ਹਾਜ਼ਰ ਹੋਣ ਲਈ ਕਿਹਾ। ਉਪਰ ਦਫ਼ਤਰ ਜਾਣ ਲਈ ਰੈਂਪ ਨਹੀਂ ਸੀ ਜਿਸ ਕਰਕੇ ਉਸ ਦਾ ਪੌੜੀਆਂ ਰਾਹੀਂ ਜਾਣਾ ਸੰਭਵ ਨਹੀਂ ਸੀ ਪਰ ਐੱਸਐੱਮਓ ਦੀ ਕਥਿਤ ਜ਼ਿੱਦ ਕਾਰਨ ਉਹ ਬੜੀ ਮੁਸ਼ਕਿਲ ਨਾਲ ਪੌੜੀਆਂ ਚੜ੍ਹ ਕੇ ਐੱਸਐੱਮਓ ਕੋਲ ਗਈ ਤਾਂ ਅੱਗੋਂ ਐੱਸਐੱਮਓ ਨੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ। ਉਸ ਨੇ ਕਿਹਾ ਕਿ ਐੱਸਐੱਮਓ ਬਟਾਲਾ ਵੱਲੋਂ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ ਹੈ।
ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
ਸਿਵਲ ਹਸਪਤਾਲ ਬਟਾਲਾ ਦੇ ਐੱਸਐੱਮਓ ਡਾ. ਰਵਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਉਸ ਲੜਕੀ ਨੂੰ ਡਿਸਏਬਲ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ ਅਤੇ ਉਸ ਨੂੰ ਉੱਪਰ ਆਪਣੇ ਦਫ਼ਤਰ ਵਿੱਚ ਆਉਣ ਲਈ ਨਹੀਂ ਕਿਹਾ।