ਪੱਤਰ ਪ੍ਰੇਰਕ
ਤਰਨ ਤਾਰਨ, 6 ਫਰਵਰੀ
ਕਾਂਗਰਸ ਵੱਲੋਂ ਇੱਥੇ ਕਾਂਗਰਸ ਭਵਨ ਵਿੱਚ ਪਾਰਟੀ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਦੀ ਮੀਟਿੰਗ ਵਿੱਚ ਵਰਕਰਾਂ ਨੂੰ ਪਾਰਟੀ ਵੱਲੋਂ 11 ਫਰਵਰੀ ਨੂੰ ਸਮਰਾਲਾ ਵਿੱਚ ਕੀਤੀ ਜਾਣ ਵਾਲੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ| ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਕੀਤੀ ਇਸ ਕਾਨਫਰੰਸ ਵਿੱਚ ਸ਼ਾਮਲ ਪਾਰਟੀ ਵਰਕਰਾਂ ਨੂੰ ਪਾਰਟੀ ਦੇ ਸੂਬਾ ਅਬਜ਼ਰਵਰ ਵੇਦ ਪ੍ਰਕਾਸ਼ ਵੇਦੀ ਉਚੇਚੇ ਤੌਰ ’ਤੇ ਸੰਬੋਧਨ ਕਰਨ ਲਈ ਪੁੱਜੇ| ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀਆਂ ਧਰਮਨਿਰਪੱਖ ਨੀਤੀਆਂ ਦੀ ਜਾਣਕਾਰੀ ਦਿੰਦਿਆਂ ਹੋਇਆਂ ਸਮਰਾਲਾ ਵਿੱਚ ਕੀਤੀ ਜਾਣ ਵਾਲੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ| ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਨੂੰ ਪਾਰਟੀ ਪ੍ਰਧਾਨ ਮਾਲਿਕਾਰਜਨ ਖੜਗੇ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਸੰਬੋਧਨ ਕਰਨਗੇ| ਸ੍ਰੀ ਵੇਦੀ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਕਰਕੇ ਦੇਸ਼ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਨਾਲ ਢਾਹ ਲੱਗੀ ਹੈ| ਇਸ ਮੌਕੇ ਬਲਾਕ ਸਮਿਤੀ ਗੰਡੀਵਿੰਡ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ, ਭੁਪਿੰਦਰ ਸਿੰਘ ਖਵਾਸਪੁਰ, ਮਨਿੰਦਰਪਾਲ ਸਿੰਘ ਪਲਾਸੌਰ, ਅਵਤਾਰ ਸਿੰਘ ਤਨੇਜਾ ਨੇ ਵੀ ਸੰਬੋਧਨ ਕੀਤਾ| ਮੀਟਿੰਗ ਵਿੱਚ ਜ਼ਿਲ੍ਹੇ ਨਾਲ ਸਬੰਧਤ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ (ਖਡੂਰ ਸਾਹਿਬ) ਤੇ ਸੁਖਪਾਲ ਸਿੰਘ ਭੁੱਲਰ (ਖੇਮਕਰਨ) ਦੀ ਗੈਰ-ਹਾਜ਼ਰੀ ਰੜਕਦੀ ਰਹੀ|