ਦਲਬੀਰ ਸੱਖੋਵਾਲੀਆ
ਬਟਾਲਾ, 28 ਜੁਲਾਈ
ਆਂਗਣਵਾੜੀ ਵਰਕਰਜ਼ ਯੂਨੀਅਨ ਵੱਲੋਂ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਇੱਥੇ ਹਲਕਾ ਸ੍ਰੀਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਰਿਹਾਇਸ਼ ਅੱਗੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਬਲਾਕ ਬਟਾਲਾ ਅਤੇ ਸ੍ਰੀਹਰਗੋਬਿੰਦਪੁਰ ਤੋਂ ਵੱਡੀ ਗਿਣਤੀ ਵਿੱਚ ਪੁੱਜੀਆਂ ਬੀਬੀਆਂ ਨੇ ਵਰ੍ਹਦੇ ਮੀਂਹ ਵਿੱਚ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਰਾਜਸੀ ਲੀਡਰ ਵੋਟਾਂ ਵੇਲੇ ਉਨ੍ਹਾਂ ਤੱਕ ਘਰ ਘਰ ਪਹੁੰਚ ਕਰਦੇ ਹਨ ਪਰ ਵਿਧਾਇਕ-ਮੰਤਰੀ ਬਣਨ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਮੂੰਹ ਫੇਰ ਲੈਂਦੇ ਹਨ। ਇਸ ਮੌਕੇ ’ਤੇ ਯੂਨੀਅਨ ਅਹੁਦੇਦਾਰਾਂ ਨੇ ਵਿਧਾਇਕ ਲਾਡੀ ਦੇ ਫਰਜ਼ੰਦ ਹਰਵਿੰਦਰ ਸਿੰਘ ਹੈਰੀ ਨੂੰ ਖੂਨ ਨਾਲ ਲਿਖਿਆ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਹੈਰੀ ਨੇ ਆਖਿਆ ਕਿ ਇਸ ਪੱਤਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਆਲ ਇੰਡੀਆ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ, ਬਲਵਿੰਦਰ ਕੌਰ ਧੰਨੇ ਸਮੇਤ ਹੋਰਾਂ ਨੇ ਸੰਬੋਧਨ ਕੀਤਾ।