ਜਗਤਾਰ ਸਿੰਘ ਲਾਂਬਾ/ ਵਰਿੰਦਰਜੀਤ ਜਾਗੋਵਾਲ
ਅੰਮ੍ਰਿਤਸਰ/ਕਾਹਨੂੰਵਾਨ, 2 ਮਾਰਚ
ਕੇਂਦਰ ਸਰਕਾਰ ਵੱਲੋਂ ਨਿੱਜੀਕਰਨ ਦੀ ਨੀਤੀ ਉੱਤੇ ਚੱਲਦੇ ਹੋਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਤੇ ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਨੋਟੀਫ਼ਿਕੇਸ਼ਨ ਦਾ ਕਿਸਾਨ ਡਟ ਕੇ ਵਿਰੋਧ ਕਰਨਗੇ। ਇਹ ਐਲਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਜਨਰਲ ਸਕੱਤਰ ਸਵਰਣ ਸਿੰਘ ਪੰਧੇਰ ਨੇ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 11 ਮੈਂਬਰੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਪੰਜਾਬ ਭਰ ਵਿੱਚ 60 ਥਾਵਾਂ ਉੱਤੇ ਬਲਾਕ ਪੱਧਰੀ ਇਕੱਠ ਕਰਕੇ 5 ਮਾਰਚ ਨੂੰ ਸੜਕਾਂ ਜਾਮ ਕਰਨਗੇ ਤੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕਰਨਗੇ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੰਜਾਬ ਦੀ ਧਰਤੀ ਤੇ ਬਣੇ ਡੈਮ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕੀਤਾ ਜਾਵੇ। ਇਸ ਦਾ ਨਿੱਜੀਕਰਨ ਕਰਨਾ ਬੰਦ ਕਰਕੇ ਕੀਤਾ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ। ਰੋਪੜ, ਹਰੀਕੇ-ਫਿਰੋਜ਼ਪੁਰ ਹੈੱਡ ਵਰਕਸ ਪੰਜਾਬ ਤੋਂ ਖੋਹ ਕੇ ਨਿੱਜੀਕਰਨ ਕਰਨ ਦੀ ਤਜਵੀਜ਼ ਰੱਦ ਕੀਤੀ ਜਾਵੇ। ਮੀਟਿੰਗ ’ਚ ਮਤਾ ਪਾਸ ਕਰਕੇ ਪੰਜਾਬ ਸਿੱਖਿਆ ਬੋਰਡ ਵੱਲੋਂ ਗੁਰੂਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਵਾਲੀ ਇਤਿਹਾਸ ਦੀ ਕਿਤਾਬ ਪਾਠਕ੍ਰਮ ’ਚ ਪੜ੍ਹਾਉਣ ਖ਼ਿਲਾਫ਼ ਪੰਜਾਬ ਸਿੱਖਿਆ ਬੋਰਡ ਮੁਹਾਲੀ ਅੱਗੇ ਲੱਗੇ ਧਰਨੇ ਦੀ ਹਮਾਇਤ ਕੀਤੀ ਗਈ। ਕਿਸਾਨ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਇਹ ਇਤਰਾਜ਼ਯੋਗ ਕਿਤਾਬ ਤੁਰੰਤ ਜ਼ਬਤ ਕੀਤੀ ਜਾਵੇ। ਮੀਟਿੰਗ ’ਚ ਇਕ ਹੋਰ ਮਤੇ ਰਾਹੀਂ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ 9 ਦਸੰਬਰ ਲਿਖਤੀ ਸਹਿਮਤੀ ਪੱਤਰ ਵਿਚ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਤੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਦੀ ਜ਼ਮਾਨਤ ਰੱਦ ਕਰਵਾਈ ਜਾਵੇ ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਬਰਖ਼ਾਸਤ ਕਰਕੇ 120ਬੀ ਵਿਚ ਗ੍ਰਿਫ਼ਤਾਰ ਕੀਤਾ ਜਾਵੇ।
ਤਰਨ ਤਾਰਨ (ਪੱਤਰ ਪ੍ਰੇਰਕ) ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਦੀ ਮੀਟਿੰਗ ਅੱਜ ਇਲਾਕੇ ਦੇ ਕਸਬਾ ਨੌਸ਼ਹਿਰਾ ਪਨੂੰਆਂ ਦੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਹਿੱਸੋਆਣਾ ’ਚ ਕਰਕੇ ਇਲਾਕੇ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 7 ਮਾਰਚ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ| ਮੀਟਿੰਗ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪਨੂੰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੂਬੇ ਦੇ ਡੈਮਾਂ ਤੋਂ ਪੰਜਾਬ ਦੀ ਮਾਲਕੀ ਖਤਮ ਕਰਕੇ ਸੂਬੇ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਹੀ ਪੰਜਾਬ ਦੀ ਧਰਤੀ ਵਿੱਚ ਉਸਾਰੇ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਦਾ ਨਾਂ ਦੇ ਕੇ ਆਪਣੇ ਅਧੀਨ ਕਰ ਰੱਖਿਆ ਹੈ।
ਫਗਵਾੜਾ (ਪੱਤਰ ਪ੍ਰੇਰਕ) ਯੂਥ ਵਾਈਸ ਫਾਊਂਡੇਸ਼ਨ ਯੂਥ ਮੋਰਚਾ ਤੇ ਯੂਵਾ ਵਿਕਾਸ ਮੋਰਚਾ ਵਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੋਧਾਂ, ਪੰਜਾਬ ਪੀ.ਐਸ.ਈ.ਬੀ. ਦੀ 12ਵੀਂ ਜਮਾਤ ਦੀ ਪੰਜਾਬੀ ਕਿਤਾਬ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਅਤੇ ਘੱਟ ਗਿਣਤੀਆਂ ਨੂੰ ਸਕੂਲਾਂ ਵਿੱਚ ਆਪਣੇ ਧਰਮ ਦੇ ਪਹਿਰਾਵੇ ਪਹਿਨਣ ਤੋਂ ਰੋਕ ਕੇ ਉਨ੍ਹਾਂ ਤੇ ਹਮਲਾ ਕਰਨ ਵਿਰੁੱਧ ਸ਼ਾਂਤਮਈ ਰੋਸ ਮਾਰਚ ਕੀਤਾ।
ਸੰਘੀ ਢਾਂਚੇ ਨੂੰ ਢਾਹ ਲਾਉਣ ਵਾਲੇ ਫੈਸਲਿਆਂ ਖਿਲਾਫ਼ ਮੁਜ਼ਾਹਰੇ ਕਰਨ ਦਾ ਸੱਦਾ
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਗੈਰਜਮਹੂਰੀ ਤਰੀਕੇ ਨਾਲ ਖੋਹਣ ਦਾ ਸੰਘਾਤਮਕ ਢਾਂਚੇ ਨੂੰ ਢਾਹ ਲਾਉਣ ਵਾਲਾ ਫੈਸਲਾ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਪੰਜਾਬ ਭਰ ’ਚ ਤਿੱਖੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਇਥੇ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੂਬਾਈ ਪ੍ਰਧਾਨ ਰਤਨ ਸਿੰਘ ਰੰਧਾਵਾ ਅਤੇ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਲਿਆ ਕੇ ਸੂਬਿਆਂ ਦੇ ਅਧਿਕਾਰਾਂ ’ਤੇ ਛਾਪਾ ਮਾਰਨ ਦੇ ਆਪਣੇ ਕੋਝੇ ਮਨਸੂਬਿਆਂ ਤੋਂ ਮੋਦੀ ਸਰਕਾਰ ਨੂੰ ਤਿੱਖੇ ਦੇਸ਼-ਵਿਆਪੀ ਜਨ ਸੰਘਰਸ਼ ਦੇ ਦਬਾਅ ਅਧੀਨ ਭਾਵੇਂ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ ਸੀ ਪਰ ਉਸ ਲੋਕ ਰੋਹ ਤੋਂ ਕੋਈ ਸਬਕ ਹਾਸਲ ਕਰਨ ਦੀ ਬਜਾਏ ਮੋਦੀ ਸਰਕਾਰ ਫੈਡਰਲਿਜ਼ਮ ਨੂੰ ਢਾਅ ਲਾਉਣ ਤੇ ਜਮੂਹਰੀਅਤ ਦਾ ਕਤਲ ਕਰਨ ਵੱਲ ਤੁਰ ਰਹੀ ਹੈ।