ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 16 ਜੁਲਾਈ
ਸਥਾਨਕ ਸੁਲਤਾਨਵਿੰਡ ਰੋਡ ਸਥਿਤ ਤੇਜ ਨਗਰ ਡਿਸਪੈਂਸਰੀ ਵਿੱਚ ਕਰੋਨਾ ਰੋਕੂ ਦਵਾਈ ਨਾ ਆਉਣ ਕਰ ਕੇ ਪਹਿਲੀ ਅਤੇ ਦੂਜੀ ਡੋਜ਼ ਲਗਵਾਉਣ ਵਾਲੇ ਲੋਕ ਪ੍ਰੇਸ਼ਾਨ ਹਨ। ਕਸ਼ਮੀਰ ਸਿੰਘ, ਸ਼ਾਮ ਲਾਲ ਤੇ ਹੋਰਾਂ ਨੇ ਦੱਸਿਆ ਕਿ ਕਰੋਨਾ ਰੋਕੂ ਦੀ ਦਵਾਈ ਉਪਲੱਬਧ ਨਾ ਹੋਣ ਕਰਕੇ ਉਹ ਕਈ ਵਾਰ ਵਾਪਸ ਮੁੜੇ ਹਨ। ਇਸ ਸਬੰਧੀ ਡਿਸਪੈਂਸਰੀ ਸਟਾਫ ਨੇ ਦੱਸਿਆ ਕਿ ਟੀਕਿਆਂ ਦੀ ਸਪਲਾਈ ਘਟਣ ਕਾਰਨ ਇੱਥੇ ਆਉਣ ਵਾਲੇ ਲੋਕ ਪ੍ਰੇਸ਼ਾਨ ਹਨ।
ਕਾਦੀਆਂ (ਪੱਤਰ ਪ੍ਰੇਰਕ): ਇੱਥੇ ਕੋਵਿਡ ਵੈਕਸੀਨ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ। ਕਰੋਨਾ ਦੇ ਡਰ ਤੋਂ ਲੋਕਾਂ ਵਿਚ ਬੇਚੈਨੀ ਵਧਦੀ ਜਾ ਰਹੀ ਹੈ। ਪਹਿਲਾਂ ਹੈਲਥ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਅਪੀਲਾਂ ਕਰਦੇ ਸਨ, ਹੁਣ ਕਰੋਨਾ ਦੀ ਤੀਜੀ ਲਹਿਰ ਦੇ ਡਰੋਂ ਵੱਡੀ ਗਿਣਤੀ ਲੋਕ ਦਵਾਈ ਨਾ ਹੋਣ ਕਾਰਨ ਨਿਰਾਸ਼ ਪਰਤ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਕਾਦੀਆਂ ’ਚ ਥੋੜ੍ਹੇ ਹੀ ਟੀਕੇ ਆ ਰਹੇ ਹਨ। ਅੱਜ ਡੀਏਵੀ ਪ੍ਰਾਇਮਰੀ ਸਕੂਲ ਤੇ ਬਿਜਲੀ ਘਰ ’ਚ ਟੀਕਾਕਰਨ ਕੈਂਪ ਸੀ ਪਰ ਟੀਕੇ ਦੀ ਘਾਟ ਕਾਰਨ ਕੁਲ 220 ਲੋਕਾਂ ਨੂੰ ਹੀ ਕੋਵਿਡ ਵੈਕਸੀਨ ਲਗਾਈ ਗਈ। ਵੱਡੀ ਗਿਣਤੀ ਲੋਕ ਨਿਰਾਸ਼ ਹੋ ਕੇ ਘਰ ਨੂੰ ਮੁੜ ਗਏ।
ਕਰੋਨਾ: ਜਲੰਧਰ ਤੇ ਅੰਮ੍ਰਿਤਸਰ ’ਚ 22 ਪਾਜ਼ੇਟਿਵ ਕੇਸ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਅੱਜ ਕਰੋਨਾ ਦੇ 13 ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਕਰੋਨਾ ਕਾਰਨ ਜ਼ਿਲ੍ਹੇ ਵਿੱਚ ਹੁਣ ਤੱਕ 1487 ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 62,975 ਤੱਕ ਪਹੁੰਚ ਗਈ ਹੈ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੇ ਦੂਜੇ ਦਿਨ ਲਗਾਤਾਰ ਅੱਜ ਕਰੋਨਾ ਕਾਰਨ ਕੋਈ ਮੌਤ ਨਹੀਂ ਹੋਈ। ਇਸ ਦੌਰਾਨ ਜ਼ਿਲ੍ਹੇ ਵਿਚ 9 ਹੋਰ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵੇਲੇ ਜ਼ਿਲ੍ਹੇ ਵਿਚ ਕਰੋਨਾ ਦੇ 123 ਮਰੀਜ਼ ਹਨ। ਇਸ ਦੌਰਾਨ ਅੱਜ 21 ਕਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਹੁਣ ਤਕ ਜ਼ਿਲ੍ਹੇ ਵਿਚ ਕਰੋਨਾ ਕਾਰਨ 1579 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।