ਪੱਤਰ ਪ੍ਰੇਰਕ
ਭੁਲੱਥ, 29 ਜੁਲਾਈ
ਸਰਕਾਰ ਦੁਆਰਾ ਸੂਬੇ ਦੇ ਕਿਸਾਨਾਂ ਲਈ ਲਏ ਫ਼ੈਸਲੇ ’ਚ ਕਿਸਾਨਾਂ ਲਈ ਮੁਫ਼ਤ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਪੰਜਾਬ ਮੰਡੀ ਬੋਰਡ ਦੁਆਰਾ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਕਿਸਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਲਈ ਪੰਜ ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸੂਚੀਬੱਧ ਹਸਪਤਾਲਾਂ ਵਿੱਚ ਸਹੂਲਤ ਦਿੱਤੀ ਜਾਵੇਗੀ। ਪੰਜਾਬ ਦੇ ਕਿਸਾਨ ਇਸ ਸਿਹਤ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਭੁਲੱਥ ਦੇ ਸਕੱਤਰ ਜੁਗਰਾਜਪਾਲ ਸਿੰਘ ਸਾਹੀ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਮਾਰਕੀਟ ਕਮੇਟੀ ਜਾਂ ਆਪਣੇ ਆੜ੍ਹਤੀਏ ਕੋਲ ਆਪਣੀ ਦਰਖ਼ਾਸਤ 5 ਅਗਸਤ ਤੱਕ ਦੇ ਸਕਦੇ ਹਨ। ਸ੍ਰੀ ਸਾਹੀ ਨੇ ਕਿਹਾ ਕਿ ਕਿਸਾਨ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਪਹਿਲੀ ਜਨਵਰੀ 2020 ਤੋਂ ਬਾਅਦ ਆਪਣੀ ਵੇਚੀ ਗਈ ਜਿਣਸ ਦਾ ਜੇ ਫਾਰਮ ਜਾਂ ਇੱਕ ਨਵੰਬਰ 2019 ਤੋਂ 31 ਮਾਰਚ 2020 ਤੱਕ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੋਲ ਪਰਚੀ ਲੈ ਕੇ ਆਪਣੀ ਸਬੰਧਿਤ ਮਾਰਕੀਟ ਕਮੇਟੀ ਦੇ ਦਫ਼ਤਰ ਜਾਂ ਆਪਣੇ ਆੜ੍ਹਤੀਏ ਕੋਲ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਫਾਰਮ ਵਿੱਚ ਕਿਸਾਨ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦਾ ਵੇਰਵਾ ਦੇਣ ਲਈ ਰਾਸ਼ਨ ਕਾਰਡ ਜਾਂ ਆਧਾਰ ਕਾਰਡ ਦਾ ਵੇਰਵਾ ਜ਼ਰੂਰ ਦੇਣ।