ਕੇ.ਪੀ ਸਿੰਘ
ਗੁਰਦਾਸਪੁਰ, 3 ਜੁਲਾਈ
ਬੀਤੇ ਦਿਨੀ ਦੀਨਾਨਗਰ ਪੁਲੀਸ ਸਟੇਸ਼ਨ ਅਧੀਨ ਆਉਂਦੇ ਪਿੰਡ ਝੰਡੇ ਚੱਕ ਵਿੱਚ ਪੁਲੀਸ ਦੀ ਵਰਦੀ ਵਿੱਚ ਰਾਤ ਸਮੇਂ ਇੱਕ ਘਰ ਵਿੱਚ ਕੀਤੀ ਡਕੈਤੀ ਦੀ ਵਾਰਦਾਤ ਨੂੰ ਅੰਜ਼ਮ ਦੇਣ ਵਾਲੇ ਪੰਜ ਦੋਸ਼ੀਆਂ ਵਿੱਚੋਂ ਪੁਲੀਸ ਨੇ ਤਿੰਨ ਨੂੰ ਗੋਲੀ ਸਿੱਕੇ ਅਤੇ ਵਾਰਦਾਤ ਮੌਕੇ ਵਰਤੀ ਗਈ ਕਰੇਟਾ ਗੱਡੀ ਸਮੇਤ ਕਾਬੂ ਕਰ ਲਿਆ ਹੈ। ਐੱਸਪੀ ਹਰਵਿੰਦਰ ਸਿੰਘ ਸੰਧੂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪਿੰਡ ਝੰਡੇ ਚੱਕ ਵਿਖੇ ਮਹਾਜਨ ਕਰਿਆਨਾ ਸਟੋਰ ਵਿੱਚ ਡਾਕਾ ਮਾਰਨ ਸਬੰਧੀ ਗਠਿਤ ਕੀਤੀ ਗਈ ਟੀਮ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਅਮੋਲਕ ਵੱਲੋਂ ਕੀਤੀ ਜਾਂਚ ਦੇ ਅਧਾਰ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਵਾਰਦਾਤ ਨੂੰ 5 ਵਿਅਕਤੀਆਂ ਨੇ ਅੰਜ਼ਾਮ ਦਿੱਤਾ ਸੀ। ਪੁਲਿਸ ਨੇ ਤਿੰਨ ਮੁਲਜ਼ਮਾਂ ਬਿਕਰਮਜੀਤ ਸਿੰਘ ਉਰਫ਼ ਵਿੱਕੀ ਫ਼ੌਜੀ ਪੁੱਤਰ ਲਖਵਿੰਦਰ ਸਿੰਘ ਵਾਸੀ ਤੇਲੀਆ ਵਾਲਾ ਮੁਹੱਲਾ ਅਲੀਵਾਲ ਰੋਡ ਬਟਾਲਾ, ਮਨਜਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਨਿਊ ਸੰਤ ਨਗਰ, ਗੁਰਦਾਸਪੁਰ ਅਤੇ ਪਰਮਜੀਤ ਸਿੰਘ ਪੰਮਾ ਪੁੱਤਰ ਮੋਹਨ ਸਿੰਘ ਵਾਸੀ ਗਾਂਧੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਲੁਟੇਰਿਆਂ ਵੱਲੋਂ ਵਰਤੀ ਗਈ ਕਰੇਟਾ ਕਾਰ ਨੰਬਰ ਪੀਬੀ 18 ਵੀ 8393 ਵੀ, 315 ਬੋਰ ਦੀ ਰਾਈਫ਼ਲ ਅਤੇ 24 ਰੌਂਦ, 12 ਬੋਰ ਦੀ ਰਾਈਫ਼ਲ 12 ਰੌਂਦਾਂ ਸਮੇਤ ਬਰਾਮਦ ਕੀਤੀ ਗਈ ਹੈ ਜਦੋਂ ਕਿ ਇਕ ਪਿਸਟਲ ਪਹਿਲਾਂ ਹੀ ਮੌਕੇ ‘ਤੋਂ ਬਰਾਮਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਲੁੱਟ ਦੀ ਰਕਮ ਵਿਚ 10 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ।