ਜਤਿੰਦਰ ਬੈਂਸ
ਗੁਰਦਾਸਪੁਰ, 10 ਅਗਸਤ
ਪਿਛਲੇ ਦੋ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਲਈ ਜੱਦੋ-ਜਹਿਦ ਕਰ ਰਹੀਆਂ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਨੂੰ ਤਨਖਾਹਾਂ ਮਿਲਣ ਦੀ ਆਸ ਬੱਝ ਗਈ ਹੈ। ਜਥੇਬੰਦੀ ਨੁਮਾਇੰਦਿਆਂ ਨੇ ਉਲੀਕੇ ਪ੍ਰੋਗਰਾਮ ਤਹਿਤ ਅੱਜ ਸਿਵਲ ਸਰਜਨ ਗੁਰਦਾਸਪੁਰ ਹਰਭਜਨ ਸਿੰਘ ਮਾਂਡੀ ਨਾਲ ਮੀਟਿੰਗ ਕਰਕੇ ਆਸ਼ਾ ਵਰਕਰ ਤੇ ਫੈਸਿਲੀਟੇਟਰ ਦੇ ਮਸਲਿਆਂ ਉੱਤੇ ਚਰਚਾ ਕੀਤੀ। ਸਿਵਲ ਸਰਜਨ ਨੇ ਭਰੋਸਾ ਦਿੱਤਾ ਕਿ ਕੋਵਿਡ ਵੈਕਸੀਨ ਲਗਵਾਉਣ ਸਮੇਂ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਦੇ ਖੁਰਾਕ ਭੱਤਾ, ਵੈਕਸੀਨ ਲਿਆਉਣ ਅਤੇ ਲਗਵਾਉਣ ਦੇ ਪੈਸੇ ਬਜਟ ਆਉਣ ’ਤੇ ਦਿੱਤੇ ਜਾਣਗੇ। ਤਨਖਾਹਾਂ ਤੁਰੰਤ ਜਾਰੀ ਕਰਨ ਅਤੇ ਭਵਿੱਖ ਵਿੱਚ ਮਹੀਨੇ ਦੀ ਹਰੇਕ ਸੱਤ ਤਰੀਕ ਨੂੰ ਅਦਾਇਗੀ ਦਾ ਭਰੋਸਾ ਵੀ ਦਿੱਤਾ ਹੈ। ਸਿਵਲ ਸਰਜਨ ਨੇ ਕਿਹਾ ਕਿ ਐਮਰਜੈਂਸੀ ਦਵਾਈ ਕਿੱਟਾਂ ਐੱਸਐੱਮਓਜ਼ ਪੱਧਰ ’ਤੇ ਦਿਤੀਆਂ ਜਾਣਗੀਆਂ। ਫੈਸਿਲੀਟੇਟਰਜ਼ ਨੂੰ ਕਰੋਨਾ ਵੈਕਸੀਨ ਡਿਊਟੀ ਦਾ ਮਿਹਨਤਾਨਾ ਦਿੱਤਾ ਜਾਵੇਗਾ। ਜਿਹੜੇ ਸਬ ਸੈਂਟਰ ’ਤੇ ਏਐੱਨਐੱਮ ਦੀ ਅਸਾਮੀ ਖਾਲੀ ਹੈ ਉਥੇ ਬਦਲਵੇਂ ਪ੍ਰਬੰਧ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਨੂੰ ਲਿਖਿਆ ਜਾਵੇਗਾ।