ਲਖਨਪਾਲ ਸਿੰਘ
ਮਜੀਠਾ, 31 ਅਗਸਤ
ਆਸ਼ਾ ਫੈਸੀਲੀਟੇਟਰ ਯੂਨੀਅਨ ਪੰਜਾਬ ਸਬੰਧਿਤ ਸੀਟੂ ਦੀ ਇਕਾਈ ਅੰਮ੍ਰਿਤਸਰ ਵੱਲੋਂ ਇੱਥੇ ਬੱਸ ਸਟੈਂਡ ’ਤੇ ਸੂਬਾ ਪ੍ਰਧਾਨ ਸਰੋਜ ਬਾਲਾ ਤੇ ਜ਼ਿਲ੍ਹਾ ਪ੍ਰਧਾਨ ਰਘਬੀਰ ਕੌਰ ਨਾਗ ਦੀ ਸਾਂਝੀ ਅਗਵਾਈ ਵਿੱਚ ਨਿੱਜੀ ਵੈੱਬ ਚੈੱਨਲ ਦੇ ਮਾਲਕ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਰੋਜ ਬਾਲਾ ਨੇ ਕਿਹਾ ਕਿ ਪਿਛਲੇ ਦਿਨੀਂ ਨਿੱਜੀ ਵੈੱਬ ਚੈੱਨਲ ਵੱਲੋਂ ਆਸ਼ਾ ਵਰਕਰਾਂ ਦੇ ਵਿਰੋਧ ’ਚ ਘਟੀਆ ਪ੍ਰਚਾਰ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੀ ਗਈ ਸੀ। ਇਸ ਵਿਚ ਪੱਤਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਸ਼ਾ ਵਰਕਰਾਂ ਨੂੰ ਕਰੋਨਾ ਦਾ ਬੋਗਸ ਇੱਕ ਕੇਸ ਲਿਆਉਣ ’ਤੇ 50 ਹਜ਼ਾਰ ਰੁਪਏ ਮਿਲਦੇ ਹਨ। ਉਨ੍ਹਾਂ ਕਿਹਾ ਕਿ ਇਹ ਚੈਨਲ ਸ਼ਰ੍ਹੇਆਮ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਰਘਬੀਰ ਕੌਰ ਨਾਗ ਨੇ ਕਿਹਾ ਕਿ ਕੋਵਿਡ-19 ਦੇ ਚਲਦਿਆਂ ਆਸ਼ਾ ਵਰਕਰਾਂ ਨੂੰ ਸਰਕਾਰ ਵਲੋਂ ਸਿਰਫ਼ 2500 ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਰਿਹਾ ਹੈ ਤੇ ਹੁਣ ਇੱਕ ਹਜ਼ਾਰ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਚੈਨਲ ਨੇ ਆਸ਼ਾ ਵਰਕਰਾਂ ਦੇ ਕਿਰਦਾਰ ਨੂੰ ਠੇਸ ਪਹੁੰਚਾਈ ਹੈ। ਇਸ ਸਬੰਧ ਵਿੱਚ ਯੂਨੀਅਨ ਵੱਲੋਂ ਸਿਹਤ ਵਿਭਾਗ ਨੂੰ ਪੱਤਰ ਜਾਰੀ ਕਰ ਕੇ ਅਜਿਹੇ ਪ੍ਰਚਾਰਕਾਂ ਵਿਰੋਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਆਸ਼ਾ ਵਰਕਰਾਂ ਨੇ ਚੈਨਲ ਦੇ ਮਾਲਕ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਆਸ਼ਾ ਵਰਕਰ ਯੂਨੀਅਨ ਸਬੰਧਤ ਸੀਟੂ ਵਲੋਂ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਗੜ੍ਹਸ਼ੰਕਰ ਹਰਬੰਸ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਜੋਗਿੰਦਰ ਕੌਰ, ਜਨਰਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ, ਸਤਮੀਤ ਕੌਰ ਕਿੱਤਣਾ ਨੇ ਕਿਹਾ ਕਿ ਇੱਕ ਨਿੱਜੀ ਚੈਨਲ ਵਲੋਂ ਆਸ਼ਾ ਵਰਕਰਾਂ ਦੇ ਖ਼ਿਲਾਫ਼ ਦਿੱਤੀ ਝੂਠੀ ਖ਼ਬਰ ਲਈ ਇਸ ਚੈਨਲ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਐਸਐਮਓ ਪੋਸੀ ਵਲੋਂ ਆਸ਼ਾ ਵਰਕਰਾਂ ਨੂੰ ਪਿੰਡਾਂ ਵਿੱਚੋਂ ਕਰੋਨਾ ਟੈਸਟ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।