ਬੇਅੰਤ ਸਿੰਘ
ਪੱਟੀ, 28 ਜਨਵਰੀ
ਇੱਥੇ ਪ੍ਰਾਈਵੇਟ ਡਾਕਟਰ ਦੇ ਕਲੀਨਿਕ ’ਤੇ ਦੋ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਡਾਕਟਰ ’ਤੇ ਗੋਲੀਆਂ ਵੀ ਚਲਾ ਦਿੱਤੀਆਂ। ਇਸ ਦੌਰਾਨ ਕਲੀਨਿਕ ਦੇ ਮਾਲਕ ਹਰਮਨਦੀਪ ਸਿੰਘ ਦਾ ਬਚਾਅ ਹੋ ਗਿਆ।
ਪੀੜਤ ਡਾਕਟਰ ਹਰਮਨਦੀਪ ਸਿੰਘ ਨੇ ਦੱਸਿਆ ਸ਼ਾਮ ਚਾਰ ਵਜੇ ਦੇ ਕਰੀਬ ਇੱਕ ਜਣਾ ਪਿਸਤੌਲ ਲੈ ਕੇ ਉਸ ਦੇ ਕਲੀਨਿਕ ਵਿੱਚ ਦਾਖ਼ਲ ਹੋਇਆ। ਹਮਲਾਵਰ ਨੇ ਪਿਸਤੌਲ ਦਾ ਡਰ ਦੇ ਕੇ ਉਸ ਕੋਲੋਂ ਨਗਦੀ ਤੇ ਹੋਰ ਸਾਮਾਨ ਦੀ ਲੁੱਟ ਖੋਹ ਕਰਨੀ ਸ਼ੁਰੂ ਕਰ ਦਿੱਤੀ। ਹਰਮਨਦੀਪ ਵੱਲੋਂ ਇਸ ਕਾਰਵਾਈ ਦਾ ਵਿਰੋਧ ਕਰਨ ’ਤੇ ਹਮਲਾਵਰ ਨੇ ਉਸ ਉੱਪਰ ਤਿੰਨ ਗੋਲੀਆਂ ਚਲਾ ਦਿੱਤੀਆਂ ਪਰ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਰਮਨਦੀਪ ਨੇ ਹਿੰਮਤ ਕਰ ਕੇ ਹਮਲਾਵਰ ਨੂੰ ਦਬੋਚ ਲਿਆ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਕਲੀਨਿਕ ਦੇ ਨਜ਼ਦੀਕ ਰਹਿੰਦੇ ਲੋਕਾਂ ਨੇ ਉਸ ਦੇ ਦੂਜੇ ਸਾਥੀ ਨੂੰ ਕਲੀਨਿਕ ਦੇ ਬਾਹਰੋਂ ਫੜ ਲਿਆ। ਪੀੜਤ ਡਾਕਟਰ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਪਿਸਤੌਲ ਤੇ ਕਾਰਤੂਸ ਬਾਰਮਦ ਹੋਏ ਸਨ ਤੇ ਦੋਵਾਂ ਮੁਲਜ਼ਮਾਂ ਨੂੰ ਉਨ੍ਹਾਂ ਨੇ ਪੱਟੀ ਸਿਟੀ ਪੁਲੀਸ ਹਵਾਲੇ ਕਰ ਦਿੱਤਾ ਹੈ।
ਘਟਨਾ ਸਥਾਨ ’ਤੇ ਹਾਜ਼ਰ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਕੀਤਾ ਪਿਸਤੌਲ ਲਾਇਸੈਂਸੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਨਸ਼ਾ ਤਸਕਰੀ ਜ਼ੋਰਾਂ ’ਤੇ ਹੋਣ ਕਰ ਕੇ ਲੁੱਟ ਖੋਹ ਤੇ ਜਾਨਲੇਵਾ ਘਟਨਾਵਾਂ ਅਕਸਰ ਵਾਪਰਦੀਆਂ ਹਨ।
ਡੀਐੱਸਪੀ ਪੱਟੀ ਕੰਵਲਪ੍ਰੀਤ ਸਿੰਘ ਮੰਡ ਨੇ ਕਿਹਾ ਕਿ ਮੁਲਜ਼ਮ ਇਲਾਕੇ ਦੇ ਪਿੰਡ ਕੈਰੋਂ ਨਾਲ ਸਬੰਧਤ ਹਨ। ਉਨ੍ਹਾਂ ਕੋਲੋਂ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਪੁਲੀਸ ਕੇਸ ਦਰਜ ਕਰ ਕੇ ਕਾਰਵਾਈ ਕਰ ਰਹੀ ਹੈ।