ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਜੂਨ
ਗੁਰਜੀਤ ਸਿੰਘ ਔਜਲਾ ਨੇ ਤੀਜੀ ਵਾਰ ਲੋਕ ਸਭਾ ਮੈਂਬਰ ਬਣਨ ਮਗਰੋਂ ਅੱਜ ਪਹਿਲੀ ਵਾਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਸ਼ਹਿਰ ’ਚ ਸਫਾਈ ਵਿਵਸਥਾ ਬਾਰੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਨਾਲ ਸ਼ਹਿਰ ਦੇ ਅਹਿਮ ਮੁੱਦਿਆਂ ’ਤੇ ਚਰਚਾ ਕਰਦਿਆਂ ਉਨ੍ਹਾਂ ਸ਼ਹਿਰ ਵਿੱਚ ਸਫ਼ਾਈ ਦੇ ਮੁੱਦੇ ’ਤੇ ਸੂਬਾ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ।
ਉਨ੍ਹਾਂ ਨੇ ਡੀਸੀ ਘਨਸ਼ਿਆਮ ਥੋਰੀ ਨੂੰ ਆਖਿਆ ਕਿ ਉਹ ਇਸ ਸਬੰਧੀ ਸੂਬਾ ਸਰਕਾਰ ਨਾਲ ਗੱਲਬਾਤ ਕਰਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਮੀਟਿੰਗ ਉਪਰੰਤ ਸ੍ਰੀ ਔਜਲਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਨਿਗਮ ਅਧਿਕਾਰੀਆਂ ਨਾਲ ਸਫਾਈ, ਸੀਵਰੇਜ ਅਤੇ ਵਾਟਰ ਸਪਲਾਈ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਨਿਗਮ ਦੀਆਂ ਵਿੱਤੀ ਸਮੱਸਿਆਵਾਂ ਵੀ ਸਾਹਮਣੇ ਆਈਆਂ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਨਿਗਮ ਦਾ ਹਾਊਸ ਨਾ ਹੋਣ ਕਾਰਨ ਇਸ ਨੂੰ ਕੇਂਦਰ ਸਰਕਾਰ ਤੋਂ 5 ਕਰੋੜ ਰੁਪਏ ਦੀ ਵਿੱਤੀ ਮਦਦ ਵੀ ਨਹੀਂ ਮਿਲੀ ਹੈ। ਨਿਗਮ ਦੇ ਵਿੱਤੀ ਸਾਧਨ ਸੀਮਤ ਹਨ ਅਤੇ ਕੂੜਾ ਚੁੱਕਣ ਵਾਲੀ ਕੰਪਨੀ ਵੀ ਘੱਟ ਫੰਡਾਂ ਕਾਰਨ ਕੰਮ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮੌਜੂਦ ਗੰਦਗੀ ਅਤੇ ਚੂਹਿਆਂ ਕਾਰਨ ਪਲੇਗ ਵਰਗੀ ਬਿਮਾਰੀ ਫੈਲ ਸਕਦੀ ਹੈ। ਇਸ ਲਈ ਇਸ ਦਾ ਹੱਲ ਜਲਦੀ ਕੀਤਾ ਜਾਵੇ। ਉਨ੍ਹਾਂ ਨੇ ਨਿਗਮ ਨੂੰ ਇਸ ਸਬੰਧੀ ਐਕਸ਼ਨ ਪਲਾਨ ਬਣਾਉਣ ਵਾਸਤੇ ਕਿਹਾ ਹੈ। ਮੀਟਿੰਗ ਵਿਚ ਤੁੰਗ ਢਾਬ ਡਰੇਨ, ਭਗਤਾਂਵਾਲਾ ਡਰੇਨ ਅਤੇ ਮਾਨਾਂਵਾਲਾ ਡਰੇਨ ਦਾ ਮੁੱਦਾ ਵੀ ਵਿਚਾਰਿਆ ਗਿਆ। ਨਾਲਿਆਂ ਵਿੱਚ ਟਰੀਟਮੈਂਟ ਪਲਾਂਟ ਲਗਾਉਣ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਲਈ ਲੋੜੀਂਦੇ ਫੰਡ ਉਹ ਕੇਂਦਰ ਸਰਕਾਰ ਤੋਂ ਲੈ ਕੇ ਆਉਣਗੇ।
ਸੰਸਦ ਮੈਂਬਰ ਨੇ ਖੁਲਾਸਾ ਕੀਤਾ ਕਿ ਰੁੱਖ ਲਗਾਉਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ 10 ਲੱਖ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਕੂਲਾਂ ਵਿੱਚ ਖਾਲੀ ਜ਼ਮੀਨਾਂ ਦੀ ਵਰਤੋਂ ਕੀਤੀ ਜਾਵੇ ਅਤੇ ਉਥੇ ਮਿਨੀ ਜੰਗਲ ਬਣਾਏ ਜਾਣ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਪਾਣੀ ਵਾਲੀਆਂ ਬੰਬੀਆਂ ’ਤੇ ਘੱਟੋ-ਘੱਟ 20-25 ਬੂਟੇ ਜ਼ਰੂਰ ਲਗਾਉਣ|
ਉਨ੍ਹਾਂ ਜੰਗਲਾਤ ਵਿਭਾਗ ਨੂੰ ਹਦਾਇਤ ਕੀਤੀ ਕਿ ਜਿੱਥੇ ਵੀ ਬੂਟੇ ਲਗਾਏ ਜਾਣ, ਉੱਥੇ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਖਾਸ ਮੌਕੇ ’ਤੇ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ| ਇਸ ਮੌਕੇ ਹੋਰ ਅਧਿਕਾਰੀ ਵੀ ਹਾਜ਼ਰ ਸਨ।