ਪੱਤਰ ਪ੍ਰੇਰਕ
ਫ਼ਤਿਹਗੜ੍ਹ ਚੂੜੀਆਂ, 8 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਤੀ ਹੇਠਲੇ ਪਾਣੀ, ਖੇਤੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਚਲਾਈ ਮੁਹਿੰਮ ਤਹਿਤ ਪਿੰਡਾਂ ਵਿੱਚ ਧਰਨੇ ਲਾਉਣ ਦੇ ਸੱਦੇ ਮੁਤਾਬਕ ਤੀਜੇ ਦਿਨ ਚਿਤੌੜਗੜ੍ਹ ਵਿੱਚ ਧਰਨਾ ਦਿੱਤਾ ਅਤੇ ਪਿੰਡਾਂ ਵਿੱਚ ਚੇਤਨਾ ਮਾਰਚ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਸਕੱਤਰ ਦਲਜੀਤ ਸਿੰਘ ਚਿਤੌੜਗੜ੍ਹ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਥਾਂ ਬਦਲਵੀਆਂ ਫਸਲਾਂ ਮੱਕੀ, ਦਾਲਾਂ, ਤੇਲ ਬੀਜ, ਸਬਜ਼ੀਆਂ ’ਤੇ ਸਮਰਥਨ ਮੁੱਲ ਦੇਣ ਦੀ ਸਰਕਾਰੀ ਖਰੀਦ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਾਣੀ ਦੇ ਸੋਮਿਆਂ ਨੂੰ ਸੰਸਾਰ ਵਪਾਰ ਸੰਸਥਾ ਦੀਆਂ ਹਦਾਇਤਾਂ ਤੇ ਕਾਰਪੋਰੇਟਰਾਂ ਨੂੰ ਦੇਣ ਦੀ ਨੀਤੀ ਰੱਦ ਕੀਤੀ ਜਾਵੇ। ਰਾਵੀ ਦਰਿਆ ਦਾ ਵਾਧੂ ਜਾ ਰਿਹਾ ਪਾਣੀ ਨਹਿਰਾਂ ਰਾਹੀਂ ਕਿਸਾਨਾਂ ਨੂੰ ਦਿੱਤਾ ਜਾਵੇ। ਕਾਰਖਾਨਿਆਂ ਤੇ ਸ਼ਹਿਰਾਂ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਦਰਿਆਵਾਂ, ਨਹਿਰਾਂ ਤੇ ਨਿਕਾਸੀ ਨਾਲਿਆਂ ਵਿੱਚ ਪਾਉਣਾ ਸਖ਼ਤੀ ਨਾਲ ਰੋਕਿਆ ਜਾਵੇ। ਇਸ ਮੌਕੇ ਰੈਲੀ ਕਰਨ ਤੋਂ ਬਾਅਦ ਚਿਤੌੜਗੜ੍ਹ, ਲੋਧੀਨੰਗਲ, ਮੰਜਿਆਂਵਾਲੀ, ਤੇਜਾ, ਖੋਦੇਬਾਂਗਰ, ਗਿੱਲਾਂਵਾਲੀ ਅਤੇ ਫ਼ਤਹਿਗੜ੍ਹ ਚੂੜੀਆਂ ਵਿੱਚ ਵਿਸ਼ਾਲ ਚੇਤਨਾ ਮਾਰਚ ਕੀਤਾ ਗਿਆ।
ਬੀਕੇਯੂ (ਉਗਰਾਹਾਂ) ਨੇ ਧਰਨਾ ਲਾਇਆ
ਸ਼ਾਹਕੋਟ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਪਾਣੀ, ਧਰਤੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਯੂਨੀਅਨ ਦੀ ਬਲਾਕ ਕਮੇਟੀ ਸ਼ਾਹਕੋਟ ਨੇ ਪਿੰਡ ਬੱਗਾ ਵਿਚ ਧਰਨਾ ਲਗਾਇਆ। ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਨੀਵੇਂ ਤੇ ਪ੍ਰਦੂਸ਼ਿਤ ਹੋ ਰਹੇ ਪਾਣੀ ਅਤੇ ਗੰਧਲੇ ਵਾਤਾਵਰਨ ਲਈ ਹਾਕਮਾਂ ਵੱਲੋਂ ਅਪਨਾਇਆ ਅਮਰੀਕਨ ਖੇਤੀ ਮਾਡਲ ਜ਼ਿੰਮੇਵਾਰ ਹੈ। ਉਨ੍ਹਾਂ ਨੇ ਲੋਕਾਂ ਨੂੰ ਧਰਨਿਆਂ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।