ਧਾਰੀਵਾਲ/ਕਾਦੀਆਂ: ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਧਾਇਕ ਹਲਕਾ ਕਾਦੀਆਂ ਨੇ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਦਾਣਾ ਮੰਡੀ ਧਾਰੀਵਾਲ ਵਿੱਚ ਪਹੁੰਚ ਕੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਸ੍ਰੀ ਬਾਜਵਾ ਨੇ ਕਿਹਾ ਗ਼ੈਰ-ਤਜਰਬੇਕਾਰ ਮੁੱਖ ਮੰਤਰੀ ਭਗਵੰਤ ਮਾਨ ਕਾਰਨ ਅਜਿਹੇ ਹਾਲਾਤ ਬਣੇ ਹਨ। ਇਸੇ ਕਾਰਨ ਪੰਜਾਬ ਵਿੱਚ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ਲਈ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਇਸ ਮੌਕੇ ਜਦੋਂ ਪ੍ਰਤਾਪ ਬਾਜਵਾ ਨੇ ਮੰਤਰੀ ਲਾਲ ਚੰਦ ਕੱਟਾਰੂਚੱਕ ਨੂੰ ਫੋਨ ਲਾਇਆ ਤਾਂ ਫੋਨ ਬੰਦ ਆਉਣ ਕਾਰਨ ਉਨ੍ਹਾਂ ਡੀਸੀ ਗੁਰਦਾਸਪੁਰ ਨੂੰ ਫੋਨ ਕੀਤਾ ਜਿਨ੍ਹਾਂ ਸ੍ਰੀ ਬਾਜਵਾ ਦੀ ਚੀਫ ਸੈਕਟਰੀ ਕੇਏਪੀ ਸਿਨਹਾ ਨਾਲ ਫੋਨ ’ਤੇ ਗੱਲ ਕਰਵਾਈ। ਦੂਜੇ ਪਾਸੇ, ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਕਟਾਰੂਚੱਕ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਗਾਏ ਦੋਸ਼ਾਂ ਬਾਰੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਗ਼ਲਤ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫੋਨ ਆਨ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇ ਫੋਨ ਬੰਦ ਹੁੰਦਾ ਤਾਂ ਪੱਤਰਕਾਰ ਕਿਵੇਂ ਗੱਲ ਕਰ ਰਹੇ ਹਨ। -ਪੱਤਰ ਪ੍ਰੇਰਕ/ਪੱਤਰ ਪ੍ਰੇਰਕ