ਜਤਿੰਦਰ ਬੈਂਸ
ਗੁਰਦਾਸਪੁਰ, 16 ਅਗਸਤ
ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਬੱਬਰੀ ਹਸਪਤਾਲ ਨੇੜੇ 12.50 ਕਰੋੜ ਰੁਪਏ ਦੀ ਲਾਗਤ ਨਾਲ 50 ਬੈੱਡ ਵਾਲਾ ਜੱਚਾ-ਬੱਚਾ ਹਸਪਤਾਲ ਉਸਾਰਿਆ ਜਾ ਰਿਹਾ ਹੈ, ਜਿਸ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਰੱੱਖਿਆ ਗਿਆ। ਇਸ ਸਬੰਧੀ ਕੈਬਨਿਟ ਮੰਤਰੀ ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਜੱਚਾ ਬੱਚਾ ਹਸਪਤਾਲ ਬਣਨ ਨਾਲ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਦੂਰ ਦੁਰਾਡੇ ਜਾਣਾ ਨਹੀਂ ਪਵੇਗਾ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਸਾਲ ਦੇ ਅੰਦਰ ਹਸਪਤਾਲ ਬਣ ਕੇ ਤਿਆਰ ਹੋ ਜਾਵੇਗਾ। ਇਸ ਦੌਰਾਨ ਡਿਪਟੀ ਕਮਿਸ਼ਨ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਹਸਪਤਾਲ ਤਿੰਨ ਮੰਜ਼ਿਲਾ ਹੋਵਗਾ, ਜਿਸ ਵਿੱਚ ਵੇਟਿੰਗ ਹਾਲ, ਪੋਰਚ, ਓਪੀਡੀ ਰੂਮ, ਫੈਮਿਲੀ ਪਲਾਨਿੰਗ ਰੂਮ, ਸੈਂਪਲ ਕੁਲੈਕਸ਼ਨ ਲੈਬ, ਈਸੀਜੀ ਤੇ ਅਲਟਰਾ ਸਾਊਂਡ, ਰਿਕਵਰੀ ਰੂਮ, ਸਟਾਫ਼ ਰੂਮ, ਤਿੰਨ ਵਾਰਡ ਤੇ ਕਮਰੇ ਦੀ ਉਸਾਰੀ ਤੋਂ ਇਲਾਵਾ ਲਿਫ਼ਟ ਵੀ ਸ਼ਾਮਲ ਹੈ।