ਤਰਨ ਤਾਰਨ (ਪੱਤਰ ਪ੍ਰੇਰਕ): ਪ੍ਰਸ਼ਾਸਨ ਨੇ ਜਿਲ੍ਹੇ ਦੇ ਪਿੰਡ ਜੋਧਪੁਰ ਤੋਂ ਪੰਚਾਇਤ ਦੀਆਂ ਚੋਣਾਂ ਦੌਰਾਨ ਸਰਪੰਚ ਦੇ ਅਹੁਦੇ ਦੀ ਚੋਣ ਲੜਦੇ ਦੋ ਉਮੀਦਵਾਰਾਂ ਨਾਲੋਂ ‘ਨੋਟਾ’ ਦੇ ਹੱਕ ਵਿੱਚ ਪਿੰਡ ਦੇ ਵਧੇਰੇ ਲੋਕਾਂ ਵੱਲੋਂ ਭੁਗਤਨ ਨਾਲ ਪੈਦਾ ਹੋਈ ਤਕਨੀਕੀ ਗੁੰਝਲ ਨੂੰ ਖੁਦ ਹੱਲ ਕਰਦਿਆਂ ਵਧੇਰੇ ਵੋਟਾਂ ਲੈਣ ਵਾਲੇ ਉਮੀਦਵਾਰ ਨੂੰ ਸਰਪੰਚ ਐਲਾਨ ਦਿੱਤਾ ਹੈ| ਇਸ ਪਿੰਡ ਦੇ ਸਰਪੰਚ ਦਾ ਅਹੁਦਾ ਅਨੁਸੂਚਿਤ ਜਾਤੀ ਔਰਤ ਲਈ ਰਾਖਵੀਂ ਸੀ| ਪਿੰਡ ਤੋਂ ਸਰਪੰਚ ਦੇ ਅਹੁਦੇ ਲਈ ਬਲਵਿੰਦਰ ਕੌਰ ਅਤੇ ਰਾਣੀ ਚੋਣ ਮੈਦਾਨ ਵਿੱਚ ਸਨ| ਬਲਵਿੰਦਰ ਕੌਰ ਨੂੰ 271 ਅਤੇ ਰਾਣੀ ਨੂੰ 247 ਵੋਟਾਂ ਮਿਲੀਆਂ ਸਨ ਜਦਕਿ 368 ਲੋਕ ‘ਨੋਟਾ’ ਦੇ ਹੱਕ ਵਿੱਚ ਭੁਗਤੇ ਸਨ। ਇਸ ਕਾਰਨ ਪ੍ਰਸ਼ਾਸਨ ਕਸੂਤੀ ਸਥਿਤੀ ਵਿੱਚ ਫਸ ਗਿਆ ਸੀ ਅਤੇ ਅਧਿਕਾਰੀਆਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਰਾਜ ਚੋਣ ਕਮਿਸ਼ਨ ਨੂੰ ਇਕ ਪੱਤਰ ਲਿਖ ਕੇ ਅਗਵਾਈ ਲੈਣਗੇ| ਇਸ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸੰਜੀਵ ਕੁਮਾਰ ਨੇ ਅੱਜ ਇਥੇ ਦੱਸਿਆ ਕਿ ਪ੍ਰਸ਼ਾਸਨ ਨੇ ਖੁਦ ਹੀ ਫ਼ੈਸਲਾ ਲੈਂਦਿਆਂ ਵਧੇਰੇ ਵੋਟਾਂ ਲੈਣ ਵਾਲੀ ਬਲਵਿੰਦਰ ਕੌਰ ਨੂੰ ਸਰਪੰਚ ਦਾ ਸਰਟੀਫਿਕੇਟ ਜਾਰੀ ਕੀਤਾ ਹੈ।