ਹਰਜੀਤ ਸਿੰਘ ਪਰਮਾਰ
ਬਟਾਲਾ, 10 ਅਪਰੈਲ
ਭਾਰਤ ਸਰਕਾਰ ਵੱਲੋਂ ਲਾਏ ਜਾਂਦੇ ਕਰਾਫਟ ਮੇਲਿਆਂ ਦੀ ਲੜੀ ਤਹਿਤ ਇੱਥੇ ਨਵੀਂ ਦਾਣਾ ਮੰਡੀ ਵਿੱਚ ਏਡੀਸੀ ਗੁਰਦਾਸਪੁਰ ਦੀ ਪ੍ਰਵਾਨਗੀ ਨਾਲ 2 ਅਪਰੈਲ ਨੂੰ ਸ਼ੁਰੂ ਹੋਇਆ ਕਰਾਫਟ ਮੇਲਾ ਸ਼ਨਿਚਰਵਾਰ ਦੇਰ ਸ਼ਾਮ ਡੀਸੀ ਗੁਰਦਾਸਪੁਰ ਦੇ ਜ਼ਬਾਨੀ ਹੁਕਮਾਂ ਨਾਲ ਬੰਦ ਕਰਵਾ ਦਿੱਤਾ ਗਿਆ ਹੈ, ਜਿਸ ਕਾਰਨ ਕਰਾਫਟ ਮੇਲੇ ਦੇ ਪ੍ਰਬੰਧਕਾਂ ਦੇ ਚਿਹਰੇ ਮੁਰਝਾ ਗਏ ਹਨ।
ਇਸ ਮੇਲੇ ਦਾ ਉਦਘਾਟਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ ਸੀ ਅਤੇ ਇਹ 2 ਤੋਂ 17 ਅਪਰੈਲ ਤੱਕ ਚੱਲਣਾ ਸੀ। ਸੂਤਰਾਂ ਅਨੁਸਾਰ ਕਰਾਫਟ ਮੇਲਾ ਡੀਸੀ ਗੁਰਦਾਸਪੁਰ ਦੇ ਹੁਕਮਾਂ ਤੋਂ ਬਿਨਾਂ ਹੀ ਲੱਗਾ ਸੀ ਅਤੇ ਨਵੀਂ ਕਣਕ ਦੀ ਫ਼ਸਲ ਦੀ ਆਮਦ ਨੂੰ ਮੁੱਖ ਰੱਖਦਿਆਂ ਉਨ੍ਹਾਂ ਦਾਣਾ ਮੰਡੀ ਵਿੱਚ ਲੱਗਾ ਕਰਾਫਟ ਮੇਲਾ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ। ਕਰਾਫਟ ਮੇਲੇ ਦੀ ਪ੍ਰਵਾਨਗੀ ਸਬੰਧੀ ਏਡੀਸੀ (ਵਿਕਾਸ) ਗੁਰਦਾਸਪੁਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਹਸਤ ਸ਼ਿਲਪ ਨੂੰ ਉਤਸ਼ਾਹਿਤ ਕਰਨ ਲਈ ਆਏ ਪੱਤਰ ਤੋਂ ਬਾਅਦ ਬਟਾਲਾ ਵਿੱਚ ਕਰਾਫਟ ਮੇਲਾ ਲਾਉਣ ਲਈ ਪੱਤਰ ਜਾਰੀ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਆਪਸ ਵਿੱਚ ਉਲਝਦੇ ਵਿਖਾਈ ਦੇ ਰਹੇ ਹਨ ਅਤੇ ਡੀਸੀ ਗੁਰਦਾਸਪੁਰ ਨੇ ਜ਼ਿਲ੍ਹਾ ਮੰਡੀ ਅਫ਼ਸਰ ਤੋਂ ਮੇਲਾ ਲਗਵਾਉਣ ਦੀ ਪ੍ਰਵਾਨਗੀ ਅਤੇ ਫੀਸਾਂ ਆਦਿ ਦੇ ਵੇਰਵੇ ਮੰਗੇ ਹਨ।
ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਡੀਸੀ ਗੁਰਦਾਸਪੁਰ ਨੇ ਇਸ ਸਬੰਧੀ ਮਾਰਕੀਟ ਕਮੇਟੀ ਬਟਾਲਾ ਦੇ ਸਕੱਤਰ ਤੋਂ ਵੀ ਜਵਾਬ ਮੰਗਿਆ ਹੈ। ਦੂਜੇ ਪਾਸੇ ਮਾਰਕੀਟ ਕਮੇਟੀ ਬਟਾਲਾ ਦੇ ਸਕੱਤਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਕਰਾਫਟ ਮੇਲਾ ਲਾਉਣ ਸਬੰਧੀ ਏਡੀਸੀ (ਵਿਕਾਸ) ਗੁਰਦਾਸਪੁਰ ਤੋਂ ਪ੍ਰਵਾਨਗੀ ਪੱਤਰ ਮਿਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦਾਣਾ ਮੰਡੀ ਬਟਾਲਾ ਵਿੱਚ ਇਹ ਕਰਾਫਟ ਮੇਲਾ ਲਾਉਣ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੇਲੇ ਸਬੰਧੀ ਪਾਰਕਿੰਗ ਲਈ ਉਨ੍ਹਾਂ ਨੇ ਪਰਚੀ ਕੱਟੀ ਹੋਈ ਹੈ ਅਤੇ ਇਹ ਮੇਲਾ 17 ਅਪਰੈਲ ਤੱਕ ਚੱਲਣਾ ਸੀ ਪਰ ਹੁਣ ਡੀਸੀ ਗੁਰਦਾਸਪੁਰ ਦੇ ਹੁਕਮਾਂ ਨਾਲ ਇਸ ਨੂੰ ਬੰਦ ਕਰਵਾ ਦਿੱਤਾ ਗਿਆ ਹੈ।
ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੇਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲੋਂ ਮੇਲਾ ਲਾਉਣ ਲਈ ਕੋਈ ਪ੍ਰਵਾਨਗੀ ਲਈ ਗਈ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦੀ ਆਮਦ ਦੇ ਮੱਦੇਨਜ਼ਰ ਮੇਲਾ ਬੰਦ ਕਰਵਾ ਦਿੱਤਾ ਗਿਆ ਹੈ।