ਪੱਤਰ ਪ੍ਰੇਰਕ
ਪਠਾਨਕੋਟ, 12 ਅਪਰੈਲ
ਲੜਕੀ ਦੀ ਮਾਰ-ਕੁਟਾਈ ਅਤੇ ਛੇੜਛਾੜ ਕਰਨ ਦੇ ਜੁਰਮ ਵਿੱਚ ਥਾਣਾ ਤਾਰਾਗੜ੍ਹ ਦੀ ਪੁਲੀਸ ਨੇ 4 ਨੌਜਵਾਨਾਂ ਖਿਲਾਫ਼ ਆਈਪੀਸੀ ਦੀ ਧਾਰਾ 354, 354-ਡੀ, 341, 323 ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਕੋਮਲ ਪੁੱਤਰੀ ਸੁਖਦੇਵ ਸਿੰਘ ਵਾਸੀ ਗੁਗਰਾਂ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ। ਆਪਣੀ ਸ਼ਿਕਾਇਤ ਵਿੱਚ ਕੋਮਲ ਨੇ ਦੱਸਿਆ ਕਿ ਉਹ ਆਪਣੇ ਭੂਆ ਦੇ ਲੜਕੇ ਦੀਪਕ ਕੁਮਾਰ ਨਾਲ ਕੱਲ੍ਹ ਕਾਲਜ ਤੋਂ ਛੁੱਟੀ ਹੋਣ ਬਾਅਦ ਕਥਲੌਰ ਵਿਖੇ ਜੰਗਲੀ ਜੀਵਾਂ ਦੀ ਰੱਖ (ਸੈਂਚੁਰੀ) ਵੇਖਣ ਗਈ ਸੀ ਤੇ ਉਥੋਂ ਵਾਪਿਸ ਘਰ ਆਉਂਦੇ ਸਮੇਂ ਉਨ੍ਹਾਂ ਪਿੱਛੇ ਮੋਟਰਸਾਈਕਲ ’ਤੇ 4 ਨੌਜਵਾਨ ਲੜਕੇ ਆਏ ਤੇ ਉਨ੍ਹਾਂ ਉਸ ਦਾ ਰਸਤਾ ਰੋਕ ਲਿਆ। ਉਨ੍ਹਾਂ ਵਿੱਚੋਂ ਇੱਕ ਭਾਰੇ ਸਰੀਰ ਵਾਲੇ ਲੜਕੇ ਨੇ ਉਸ ਨੂੰ ਟਿੱਪਣੀ ਕੀਤੀ ਕਿ ਦੀਪਕ ਕੁਮਾਰ ਨੇ ਉਸ ਦਾ ਹੱਥ ਕਿਉਂ ਫੜਿਆ ਹੈ। ਉਸ ਦੀ ਛਾਤੀ ਫੜ ਲਵੇ ਤੇ ਦੀਪਕ ਵੱਲੋਂ ਉਨ੍ਹਾਂ ਨੂੰ ਰੋਕਣ ਤੇ ਉਨ੍ਹਾਂ ਦੀਪਕ ਦੀ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਹ ਉਸ ਨੂੰ ਬਚਾਉਣ ਲਈ ਅੱਗੇ ਹੋਈ ਤਾਂ 2 ਲੜਕਿਆਂ ਨੇ ਉਸ ਦੇ ਮੂੰਹ ਤੇ ਚਪੇੜਾਂ ਮਾਰੀਆਂ ਤੇ ਉਸ ਨਾਲ ਸਰੀਰਕ ਛੇੜ-ਛਾੜ ਕਰਕੇ ਬੇਇਜ਼ਤੀ ਕੀਤੀ।
ਇੰਸਪੈਕਟਰ ਮਨਜੀਤ ਕੌਰ ਨੇ ਦੱਸਿਆ ਕਿ ਚਾਰੇ ਮੁਲਜ਼ਮਾਂ (2 ਭਰਾ ਲਵਲੀ ਤੇ ਮੋਨਾ, ਲੱਭਾ ਵਾਸੀਆਨ ਹਰੀਵਾਸਪੁਰ ਅਤੇ ਇੱਕ ਅਣਪਛਾਤਾ) ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।