ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਫਰਵਰੀ
ਅਟਾਰੀ ਵਾਹਗਾ ਸਰਹੱਦ ਰਸਤੇ ਅੱਜ ਭਾਰਤ ਵਲੋਂ ਮਦਦ ਵਜੋਂ ਅਫਗਾਨਿਸਤਾਨ ਨੂੰ ਕਣਕ ਭੇਜੇ ਜਾਣ ਤੋਂ ਬਾਅਦ ਵਪਾਰੀ ਵਰਗ ਨੇ ਇਹ ਉਮੀਦ ਪ੍ਰਗਟਾਈ ਹੈ ਕਿ ਕੇਂਦਰ ਸਰਕਾਰ ਵਲੋਂ ਅਟਾਰੀ ਆਈਸੀਪੀ ਨੂੰ ਵਪਾਰ ਲਈ ਖੋਲ੍ਹਿਆ ਜਾਵੇਗਾ।
ਵਪਾਰੀਆਂ ਦੀ ਜਥੇਬੰਦੀ ਕਨਫੈਡਰੇਸ਼ਨ ਆਫ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਦੇ ਡਾਇਰੈਕਟਰ ਅਸ਼ੋਕ ਸੇਠੀ ਨੇ ਆਖਿਆ ਕਿ ਅੱਜ ਜਿਵੇਂ ਭਾਰਤ ਵਲੋਂ ਅਫਗਾਨਿਸਤਾਨ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਕਣਕ ਭੇਜੀ ਗਈ ਹੈ। ਇਸ ਤੋਂ ਬਾਅਦ ਅਟਾਰੀ ਆਈਸੀਪੀ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਵਪਾਰ ਲਈ ਵੀ ਖੋਲ੍ਹ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖਾਸ ਕਰਕੇ ਪੰਜਾਬ ਦੇ ਵਪਾਰੀ ਵਰਗ ਅਤੇ ਸੂਬੇ ਨੂੰ ਸਿੱਧਾ ਲਾਭ ਹੋਵੇਗਾ। ਅਫਗਾਨਿਸਤਾਨ ਨੂੰ 50 ਹਜ਼ਾਰ ਮੀਟਰਿਕ ਟਨ ਕਣਕ ਭੇਜਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨੁੱਖਤਾ ਦੀ ਮਦਦ ਲਈ ਕੀਤਾ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਮੇਂ ਦੀ ਵੱਡੀ ਮੰਗ ਹੈ ਕਿ ਗੁਆਂਢੀ ਮੁਲਕਾਂ ਨਾਲ ਆਪਣੇ ਵਪਾਰਕ ਸਬੰਧ ਬਿਹਤਰ ਬਣਾਏ ਜਾਣ। ਤਿੰਨੋ ਮੁਲਕ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨ ਤਾਂ ਜੋ ਇਸ ਖਿੱਤੇ ਵਿਚ ਸਥਾਈ ਖੁਸ਼ਹਾਲੀ ਸਥਾਪਤ ਹੋ ਸਕੇ। ਇਸ ਨਾਲ ਹੀ ਖਿੱਤੇ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਕਰੋਨਾ ਕਾਰਨ ਸਮੁੱਚੇ ਵਿਸ਼ਵ ਵਿਚ ਹੀ ਆਰਥਿਕ ਸੰਕਟ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਅਟਾਰੀ ਵਾਹਗਾ ਸਰਹੱਦ ਰਸਤੇ ਦੁਵੱਲਾ ਵਪਾਰ ਬੰਦ ਹੈ। ਇਸ ਤੋਂ ਪਹਿਲਾਂ ਭਾਰਤ ਵਲੋਂ ਪਾਕਿਸਤਾਨ ਤੋਂ ਜਿਪਸਮ, ਸੀਮਿੰਟ, ਨਮਕ ਤੇ ਹੋਰ ਕਈ ਵਸਤਾਂ ਮੰਗਵਾਈਆਂ ਜਾ ਰਹੀਆਂ ਸਨ। ਅਫਗਾਨਿਸਤਾਨ ਤੋਂ ਸੱੁਕਾ ਮੇਵਾ, ਫਲ ਅਤੇ ਹੋਰ ਕਈ ਵਸਤਾਂ ਦਾ ਵਪਾਰ ਹੋ ਰਿਹਾ ਹੈ। ਭਾਰਤ ਵਲੋਂ ਖੇਤੀਬਾੜੀ ਨਾਲ ਜੁੜੀਆਂ ਵਸਤਾਂ ਬੀਜ, ਮਸਾਲੇ, ਸਾਈਕਲਾਂ ਦੇ ਪਾਰਟ, ਸੋਇਆਬੀਨ, ਪਲਾਸਟਿਕ ਦਾ ਦਾਣਾ ਤੇ ਹੋਰ ਕਈ ਵਸਤਾਂ ਪਾਕਿਸਤਾਨ ਭੇਜੀਆਂ ਜਾਂਦੀਆਂ ਸਨ। ਇਹ ਦੁਵੱਲਾ ਵਪਾਰ ਬੰਦ ਹੋਣ ਤੋਂ ਬਾਅਦ ਲਗਪਗ 10 ਹਜ਼ਾਰ ਵਿਅਕਤੀ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚ ਵਪਾਰੀ ਵਰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਕੁਲੀ, ਟਰੱਕ ਚਾਲਕ ਤੇ ਮਾਲਕ ਆਦਿ ਸ਼ਾਮਲ ਹਨ। ਲਗਪਗ 3500 ਟਰੱਕ ਇਥੇ ਰੋਜ਼ਾਨਾ ਹੀ ਆਉਣ ਜਾਣ ਵਾਲੇ ਸਾਮਾਨ ਦੀ ਢੋਆ ਢੁਆਈ ਕਰਦੇ ਸਨ। ਦੁੱਵਲਾ ਵਪਾਰ ਬੰਦ ਹੋਣ ਨਾਲ ਇਹ ਸਾਰੇ ਹੀ ਪ੍ਰਭਾਵਿਤ ਹੋਏ ਹਨ।