ਪੱਤਰ ਪ੍ਰੇਰਕ
ਪਠਾਨਕੋਟ, 4 ਜੂਨ
ਪਿੰਡ ਬਿਰੁਕਲੀ ਵਿੱਚ ਪਿਛਲੇ 2 ਮਹੀਨਿਆਂ ਤੋਂ ਪੀਣ ਦਾ ਪਾਣੀ ਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸਾਬਕਾ ਸਰਪੰਚ ਸੁਭਾਸ਼ ਸਿੰਘ, ਉਂਕਾਰ ਸਿੰਘ, ਕਰਤਾਰ ਸਿੰਘ, ਰਤਨ ਸਿੰਘ, ਪਵਨ ਕੁਮਾਰ, ਬਲਵੰਤ ਸਿੰਘ, ਦੇਸ ਰਾਜ, ਰਸ਼ੀਦ ਮੁਹੰਮਦ, ਮਧੂ ਬਾਲਾ, ਵੀਨਾ ਕੁਮਾਰੀ, ਸੁਮਨ ਦੇਵੀ ਅਤੇ ਕਾਂਤਾ ਦੇਵੀ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਗਰਮੀ ਵਿੱਚ ਉਨ੍ਹਾਂ ਨੂੰ ਦੂਰੋਂ ਪੈਦਲ ਚੱਲ ਕੇ ਆਪਣੇ ਸਿਰ ’ਤੇ ਪਾਣੀ ਦੀਆਂ ਬਾਲਟੀਆਂ ਚੁੱਕ ਕੇ ਪਾਣੀ ਢੋਣਾ ਪੈ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪਿੰਡ ਦੇ ਸਰਪੰਚ ਵੱਲੋਂ ਪਾਣੀ ਦਾ ਟੈਂਕਰ ਭਰ ਕੇ ਲਿਆਂਦਾ ਜਾਂਦਾ ਹੈ ਜਿਸ ਤੋਂ ਹੀ ਉਹ ਪੀਣ ਵਾਲਾ ਪਾਣੀ ਪੀ ਰਹੇ ਹਨ ਪਰ ਪਸ਼ੂਆਂ ਅਤੇ ਕੱਪੜੇ ਧੋਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਣ ਵਾਲਾ ਪਾਣੀ ਪਿੰਡ ਸੁਰਾਲ ਵਿੱਚ ਬਣੀ ਵਾਟਰ ਸਪਲਾਈ ਤੋਂ ਆਉਂਦਾ ਹੈ।
ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਦੇ ਵਾਰਡ ਨੰਬਰ 5 ਵਿੱਚ ਵੱਡਾ ਬੋਰ ਲਗਵਾ ਕੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਸੁਚਾਰੂ ਨਾ ਕੀਤੀ ਗਈ ਤਾਂ ਫਿਰ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ ਜਾਵੇਗਾ।