ਪੱਤਰ ਪ੍ਰੇਰਕ
ਹੁਸ਼ਿਆਰਪੁਰ, 29 ਜੁਲਾਈ
ਭਾਰਤ ਦੇ ਨਵਨਿਯੁਕਤ ਰਾਸ਼ਟਰਪਤੀ ਦਰੋਪਦੀ ਮੁਰਮੂ ਖਿਲਾਫ਼ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਵੱਲੋਂ ਕੀਤੀ ਅਪਮਾਨਜਨਕ ਟਿੱਪਣੀ ਕਰਨ ਦੇ ਵਿਰੋਧ ’ਚ ਭਾਰਤੀ ਜਨਤਾ ਪਾਰਟੀ ਵਲੋਂ ਅੱਜ ਇੱਥੇ ਘੰਟਾਘਰ ਚੌਕ ’ਚ ਜ਼ਿਲ੍ਹਾ ਉਪ ਪ੍ਰਧਾਨ ਸੁਰੇਸ਼ ਭਾਟੀਆ ਬਿੱਟੂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਵਰਕਰਾਂ ਨੇ ਕਾਂਗਰਸੀ ਨੇਤਾ ਦਾ ਪੁਤਲਾ ਵੀ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਖੁਦ ਔਰਤ ਹੁੰਦਿਆਂ ਅਧੀਰ ਰੰਜਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਸ੍ਰੀ ਸੂਦ ਨੇ ਕਿਹਾ ਕਿ ਸੋਨੀਆ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਅਧੀਰ ਰੰਜਨ ਵੱਲੋਂ ਕੀਤੀ ਟਿੱਪਣੀ ਲਈ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣੀ ਹੋਵੇਗੀ ਅਤੇ ਅਧੀਰ ਰੰਜਨ ਚੌਧਰੀ ਨੂੰ ਪਾਰਟੀ ਤੋਂ ਬਰਖਾਸਤ ਕਰਨਾ ਹੋਵੇਗਾ। ਸੂਦ ਨੇ ਕਿਹਾ ਕਿ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਭਾਜਪਾ ਦਾ ਸੰਘਰਸ਼ ਜਾਰੀ ਰਹੇਗਾ।
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਅੱਜ ਭਾਜਪਾਈਆਂ ਨੇ ਸਥਾਨਕ ਵਾਲਮੀਕ ਚੌਕ ਵਿੱਚ ਅਧੀਰ ਰੰਜਨ ਚੌਧਰੀ ਦਾ ਪੁਤਲਾ ਫੂਕਿਆ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਭਾਜਪਾ ਦੇ ਨਾਰਥ ਮੰਡਲ ਪ੍ਰਧਾਨ ਰੋਹਿਤ ਪੁਰੀ ਨੇ ਕੀਤੀ ਅਤੇ ਇਸ ਵਿੱਚ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਯੋਗੇਸ਼ ਠਾਕੁਰ, ਸਤੀਸ਼ ਮਹਾਜਨ, ਸ਼ਮਸ਼ੇਰ ਸਿੰਘ, ਅਰੁਣ ਮਹਾਜਨ, ਸੁਦੇਸ਼ ਵਰਮਾ, ਰਾਜ ਕੁਮਾਰ, ਵਿਸ਼ਾਲ ਮਹਾਜਨ, ਨਰਿੰਦਰ ਕਾਲਾ ਸ਼ਾਮਲ ਹੋਏ। ਮੰਡਲ ਪ੍ਰਧਾਨ ਰੋਹਿਤ ਪੁਰੀ, ਪਾਰਟੀ ਦੇ ਬੁਲਾਰੇ ਯੋਗੇਸ਼ ਠਾਕੁਰ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਤੇ ਇਸ ਪ੍ਰਕਾਰ ਦੀ ਟਿੱਪਣੀ ਕਰਨਾ ਰਾਸ਼ਟਰਧਰੋਹ ਦੇ ਬਰਾਬਰ ਹੈ।
ਫਗਵਾੜਾ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਵੱਲੋਂ ਇਥੋਂ ਦੇ ਹਰਗੋਬਿੰਦ ਨਗਰ ਵਿੱਚ ਕਾਂਗਰਸੀ ਐੱਮਪੀ ਅਧੀਰ ਰੰਜਨ ਚੌਧਰੀ ਦਾ ਪੁਤਲਾ ਸਾੜਿਆ ਗਿਆ। ਭਾਜਪਾ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ, ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਸੋਨੂੰ ਰਾਵਲਪਿੰਡੀ ਨੇ ਕਿਹਾ ਕਿ ਲੋਕ ਸਭਾ ਮੈਂਬਰ ਨੂੰ ਇਸ ਮਾਮਲੇ ’ਚ ਤੁਰੰਤ ਮੁਆਫ਼ੀ ਮੰਗਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਮੁਆਫ਼ੀ ਨਾ ਮੰਗੀ ਤਾਂ ਉਨ੍ਹਾਂ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।