ਐੱਨਪੀ ਧਵਨ
ਪਠਾਨਕੋਟ, 10 ਸਤੰਬਰ
ਪਠਾਨਕੋਟ ਪੁਲੀਸ ਨੇ ਜ਼ਿਲ੍ਹੇ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਪੈਸ਼ਲ ਆਪਰੇਸ਼ਨ, ਓਪੀਐੱਸ ਸੀਲ-4 ਸ਼ੁਰੂ ਕੀਤਾ ਹੈ। ਅੱਜ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਚਲਾਏ ਗਏ ਇਸ ਆਪਰੇਸ਼ਨ ਵਿੱਚ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਨਾਲ ਮੁੱਖ ਅੰਤਰ-ਰਾਜੀ ਸਰਹੱਦਾਂ ’ਤੇ ਲਗਾਏ ਗਏ ਨਾਕਿਆਂ ’ਤੇ ਚੈਕਿੰਗ ਕੀਤੀ ਗਈ। ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਅੰਤਰਰਾਜੀ ਨਾਕਾ ਮਾਧੋਪੁਰ, ਚੱਕੀ ਪੁਲ, ਮੀਰਥਲ, ਪੁਲ ਦਰਬਨ, ਫਤਹਿਪੁਰ ਅਤੇ ਜਨਿਆਲ ਸਣੇ ਅੰਤਰ-ਰਾਜੀ ਸਰਹੱਦਾਂ ਤੇ ਕੁੱਲ 6 ਉੱਚ ਤਕਨੀਕੀ ਪੁਲੀਸ ਨਾਕੇ ਰਣਨੀਤਕ ਤੌਰ ’ਤੇ ਲਗਾਏ ਗਏ। ਇਨ੍ਹਾਂ ’ਚੋਂ ਹਰ ਇੱਕ ਨਾਕੇ ’ਤੇ 6 ਐੱਸਐੱਚਓਜ਼ ਦੀ ਅਗਵਾਈ ਹੇਠ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਅਤੇ ਚੈਕਿੰਗ ਅਭਿਆਨ ਦੀ ਇਸ ਵਿਆਪਕ ਕਾਰਵਾਈ ਦੀ ਨਿਗਰਾਨੀ 4 ਡੀਐੱਸਪੀਜ਼ ਅਤੇ 3 ਐੱਸਪੀਜ਼ ਵੱਲੋਂ ਕੀਤੀ ਗਈ। ਇਸ ਆਪਰੇਸ਼ਨ ਦਾ ਉਦੇਸ਼ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਸ਼ਰਾਬ ਦੀ ਤਸਕਰੀ ਦਾ ਮੁਕਾਬਲਾ ਕਰਨਾ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਹਰਕਤਾਂ ’ਤੇ ਨਜ਼ਰ ਰੱਖਣਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਆਪਰੇਸ਼ਨ ਵਿੱਚ ਕੁੱਲ 25 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਭਗੌੜਾ ਵੀ ਸ਼ਾਮਲ ਹੈ। ਇਸ ਕਾਰਵਾਈ ਦੌਰਾਨ 337 ਗ੍ਰਾਮ ਹੈਰੋਇਨ, 136 ਗ੍ਰਾਮ ਨਸ਼ੀਲਾ ਪਾਊਡਰ ਜ਼ਬਤ ਕੀਤਾ ਗਿਆਂ ਹੈ, ਜਦੋਂਕਿ 259 ਬੋਤਲਾਂ ਨਾਜਾਇਜ਼ ਸ਼ਰਾਬ ਜ਼ਬਤ ਕਰਕੇ ਨਾਜਾਇਜ਼ ਸ਼ਰਾਬ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ।