ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 23 ਅਕਤੂਬਰ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਈ.ਟੀ.ਯੂ. ਅੰਮ੍ਰਿਤਸਰ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ ਪੇਅ ਸਕੇਲ ਘਟਾਉਣ ਲਈ ਜਾਰੀ ਪੱਤਰ ਦੀਆਂ ਕਾਪੀਆਂ ਜ਼ਿਲ੍ਹਾ ਸਿੱਖਿਆ ਦਫਤਰ ਰਾਮਬਾਗ ਵਿਖੇ ਸੂਬਾ ਆਗੂ ਸੁਧੀਰ ਢੰਡ, ਜਤਿੰਦਰਪਾਲ ਸਿੰਘ ਰੰਧਾਵਾ, ਦਿਲਬਾਗ ਸਿੰਘ ਬਾਜਵਾ, ਜਸਵਿੰਦਰਪਾਲ ਸਿੰਘ ਜੱਸ, ਬਲਜਿੰਦਰ ਸਿੰਘ ਬੁੱਟਰ, ਦਲਜੀਤ ਸਿੰਘ ਬੱਲ ਦੀ ਸਾਂਝੀ ਅਗਵਾਈ ਹੇਠ ਸਾੜੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਅਧਿਆਪਕ ਵਰਗ ਦਾ ਰੋਸ ਵੇਖ ਕੇ ਕੱਲ੍ਹ ਮੁੜ ਪੱਤਰ ਜਾਰੀ ਕਰਕੇ ਪਹਿਲੇ ਕੰਮ ਕਰ ਰਹੇ ਅਧਿਆਪਕਾਂ ’ਤੇ ਇਹ ਤਨਖਾਹ ਸਕੇਲ ਨਾ ਲਾਗੂ ਹੋਣ ਬਾਰੇ ਸਪੱਸ਼ਟ ਕਰ ਦਿੱਤਾ ਹੈ ਪਰੰਤੂ ਨਵੀਂ ਭਰਤੀ ’ਤੇ ਇਹ ਤਨਖਾਹ ਸਕੇਲ ਲਾਗੂ ਕਰਨਾ ਬਹੁਤ ਵੱਡਾ ਮੰਦਭਾਗਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਈ.ਟੀ.ਯੂ. ਪੰਜਾਬ ਨੇ ਬਹੁਤ ਵੱਡੇ ਸੰਘਰਸ਼ਾਂ ਤੋਂ ਬਾਅਦ ਇਹ ਸਕੇਲ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤੁਗਲਕੀ ਫੁਰਮਾਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਹੋਣ। ਆਗੂਆਂ ਨੇ ਨਵੀਂ ਭਰਤੀ ਲਈ ਵੀ ਪੁਰਾਣੇ ਸਕੇਲ ਬਹਾਲ ਰੱਖਣ ਦੀ ਮੰਗ ਕਰਦਿਆਂ ਨਵਾਂ ਤਨਖਾਹ ਕਮਿਸ਼ਨ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ।
ਤਰੱਕੀਆਂ ਨਾ ਹੋਣ ’ਤੇ ਅਧਿਆਪਕਾਂ ਵੱਲੋਂ ਨਾਅਰੇਬਾਜ਼ੀ
ਅੰਮ੍ਰਿਤਸਰ: ਜ਼ਿਲ੍ਹਾ ਸਿੱਖਿਆ ਦਫਤਰ ਦੀ ਵੱਡੀ ਲਾਪਰਵਾਹੀ ਕਰਕੇ ਇਸ ਸਰਹੱਦੀ ਜ਼ਿਲ੍ਹੇ ’ਚ ਪਿਛਲੇ ਲੰਮੇ ਸਮੇਂ ਤੋਂ 225 ਤੋਂ ਵੱਧ ਖਾਲੀ ਹੋ ਗਈਆਂ ਹੈੱਡਟੀਚਰ /ਸੈਂਟਰ ਹੈੱਡਟੀਚਰ ਦੀਆਂ ਆਸਾਮੀਆਂ ’ਤੇ ਪ੍ਰਮੋਸ਼ਨਾਂ ਨਾ ਹੋਣ ਦੇ ਰੋਸ ਵੱਜੋਂ ਈ.ਟੀ.ਯੂ.ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਅੱਜ 57ਵੇਂ ਦਿਨ ਬਲਾਕ ਰਈਆ-1 ਤੇ 2 ਦੇ ਆਗੂਆਂ ਨੇ ਭੁੱਖ ਹੜਤਾਲ ’ਤੇ ਬੈਠ ਕੇ ਜ਼ਿਲ੍ਹਾ ਸਿੱਖਿਆ ਦਫਤਰ ਖਿਲਾਫ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਅਧੂਰੇ ਤੇ ਗਲਤ ਰਿਕਾਰਡ ਨੂੰ ਈ.ਟੀ.ਯੂ. ਦੇ ਆਗੂਆਂ ਵੱਲੋਂ ਦਫ਼ਤਰੀ ਅਮਲੇ ਨੂੰ ਸਹਿਯੋਗ ਦੇ ਕੇ ਮੁਕੰਮਲ ਕਰਾ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਫਰਜ਼ ਬਣਦਾ ਹੈ ਕਿ ਤੁਰੰਤ ਰਿਕਾਰਡ ਭਲਾਈ ਵਿਭਾਗ ਤੋਂ ਤਸਦੀਕ ਕਰਵਾ ਕੇ ਆਦੇਸ਼ ਜਾਰੀ ਕਰੇ ਤਾਂ ਉਥੇ ਪੜ੍ਹਨ ਵਾਲੇ ਬੱਚਿਆਂ ਨੂੰ ਇਨਸਾਫ਼ ਦਿੱਤਾ ਜਾਵੇ।