ਪਠਾਨਕੋਟ: ਨਰਸਿੰਗ ਕਾਲਜ ਵਿੱਚ ਸਰਜੀਕਲ ਨਰਸਿੰਗ ਅਹੁਦੇ ’ਤੇ ਤਾਇਨਾਤ ਮਹਿਲਾ ਖ਼ਿਲਾਫ਼ ਨੌਕਰੀ ਲਈ ਫ਼ਰਜ਼ੀ ਸਰਟੀਫਿਕੇਟ ਤੇ ਡਿਗਰੀ ਦੇਣ ਦੇ ਦੋਸ਼ ਹੇਠ ਥਾਣਾ ਸਦਰ ਪਠਾਨਕੋਟ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਹ ਮਾਮਲਾ ਬਾਬਾ ਫ਼ਰੀਦ ਯੂਨੀਵਰਸਿਟੀ ਫਾਰ ਹੈਲਥ ਸਾਇੰਸਜ਼ ਦੇ ਰਜਿਸਟਰਾਰ ਡਾ. ਨਿਰਮਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੋਨਮ ਰਾਣੀ ਵਾਸੀ ਕੋਟਲੀ ਨਾਂ ਦੀ ਮੁਲਾਜ਼ਮ ਨੇ ਭੋਆ ਦੇ ਇੱਕ ਨਰਸਿੰਗ ਕਾਲਜ ਵਿੱਚ ਨੌਕਰੀ ਲਈ ਬੀਐੱਸਸੀ ਨਰਸਿੰਗ ਦੇ ਸਰਟੀਫਿਕੇਟ ਤੇ ਐਮਐਸਸੀ ਨਰਸਿੰਗ ਦੀ ਡਿਗਰੀ ਜਮ੍ਹਾਂ ਕਰਵਾਈ ਸੀ। ਕਾਲਜ ਵੱਲੋਂ ਵੈਰੀਫਿਕੇਸ਼ਨ ਲਈ ਇਸ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਭੇਜਿਆ ਗਿਆ। ਯੂਨੀਵਰਸਿਟੀ ਤੋਂ ਪਤਾ ਲੱਗਾ ਕਿ ਸੋਨਮ ਰਾਣੀ ਨੇ ਜੋ ਦਸਤਾਵੇਜ਼ ਜਮ੍ਹਾ ਕਰਵਾਏ ਸਨ, ਉਹ ’ਵਰਸਿਟੀ ਵੱਲੋਂ ਜਾਰੀ ਨਹੀਂ ਕੀਤੇ ਗਏ। ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। -ਪੱਤਰ ਪ੍ਰੇਰਕ