ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 2 ਮਾਰਚ
ਦੋ ਦਿਨ ਪਹਿਲਾਂ ਸਾਬਕਾ ਵਿਧਾਇਕ ਸਵਿੰਦਰ ਸਿੰਘ ਡੈਨੀ ਵੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ ਰਾਜ ਕੁਮਾਰ ਮਲਹੋਤਰਾ ਖ਼ਿਲਾਫ਼ ਐੈੱਸਸੀ/ਐੱਸਟੀ ਐਕਟ ਤਹਿਤ ਥਾਣਾ ਜੰਡਿਆਲਾ ਗੁਰੂ ’ਚ ਪਰਚਾ ਦਰਜ ਕਰਵਾਇਆ ਗਿਆ ਸੀ। ਵਿਧਾਇਕ ਡੈਨੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਰਾਜ ਕੁਮਾਰ ਮਲਹੋਤਰਾ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰ ਸਤਿੰਦਰਜੀਤ ਸਿੰਘ ਛੱਜਲਵੱਡੀ ਦੇ ਹੱਕ ’ਚ ਰੈਲੀ ਦੌਰਾਨ ਚੋਣ ਪ੍ਰਚਾਰ ਦੌਰਾਨ ਇਕ ਵੀਡੀਓ ਆਈ ਹੈ ਤੇ ਉਸ ’ਚ ਸ੍ਰੀ ਮਲਹੋਤਰਾ ਨੇ ਉਨ੍ਹਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਸੀ। ਹੁਣ ਇਹ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਅੱਜ ਇਸ ਮਾਮਲੇ ਸਬੰਧੀ ਸਾਬਕਾ ਪ੍ਰਧਾਨ ਮਲਹੋਤਰਾ ਦੇ ਗ੍ਰਹਿ ਜੰਡਿਆਲਾ ਗੁਰੂ ’ਚ ਸਮੁੱਚੀ ਸ਼੍ਰੋਮਣੀ ਅਕਾਲੀ ਦਲ, ਬਸਪਾ ਦੀ ਟੀਮ ਨੇ ਉਮੀਦਵਾਰ ਸਤਿੰਦਰਜੀਤ ਸਿੰਘ ਛੱਜਲਵੱਡੀ ਦੀ ਅਗਵਾਈ ਹੇਠ ਪ੍ਰੈੱਸ ਕਾਨਫਰੰਸ ਕੀਤੀ ਗਈ।
ਇਸ ਮੌਕੇ ਹਲਕਾ ਜੰਡਿਆਲਾ ਗੁਰੂ ਤੋਂ ਉਮੀਦਵਾਰ ਸਤਿੰਦਰਜੀਤ ਸਿੰਘ ਛੱਜਲਵੱਡੀ, ਸਾਬਕਾ ਐੱਮਐੱਲਏ ਰਣਜੀਤ ਸਿੰਘ ਛੱਜਲਵੱਡੀ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਸੰਨੀ ਸ਼ਰਮਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ ਤੇ ਇਹ ਮਾਮਲਾ ਰਾਜਨੀਤਕ ਰੰਜਿਸ਼ ਦੇ ਚੱਲਦਿਆਂ ਹਲਕਾ ਵਿਧਾਇਕ ਵੱਲੋਂ ਦਰਜ ਕਰਾਇਆ ਗਿਆ ਹੈ। ਉਨ੍ਹਾਂ ਕਾਂਗਰਸ ਪਾਰਟੀ ਤੇ ਹਲਕਾ ਵਿਧਾਇਕ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਪਰਚਿਆਂ ਦੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਤੇ ਚੋਣ ਕਮਿਸ਼ਨ ਨੂੰ ਦਰਖਾਸਤ ਦਿੱਤੀ ਹੈ। ਇਸ ਮੌਕੇ ਸੰਦੀਪ ਸਿੰਘ ਏਆਰ ਤੇ ਐੱਸਜੀਪੀਸੀ ਮੈਂਬਰ ਅਮਰਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਆਪਣੀ ਹਾਰ ਸਾਹਮਣੇ ਨਜ਼ਰ ਆ ਰਹੀ ਹੈ ਇਸ ਲਈ ਐਡਵੋਕੇਟ ਮਲਹੋਤਰਾ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾ ਦਿੱਤਾ ਹੈ।