ਪੱਤਰ ਪ੍ਰੇਰਕ
ਤਰਨ ਤਾਰਨ, 5 ਫਰਵਰੀ
ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਿਸੇ ਅਣਸੁਖਾਵੀ ਘਟਨਾਂ ਦੇ ਵਾਪਰ ਜਾਣ ਤੋਂ ਰੋਕਣ ਲਈ ਲਾਇਸੈਂਸੀ ਅਸਲਾ ਧਾਰਕਾਂ ਨੂੰ ਆਪਣੇ ਹਥਿਆਰ ਆਦਿ ਸਬੰਧਤ ਥਾਣਾ ਜਾਂ ਫਿਰ ਕਿਸੇ ਅਸਲਾ ਵਿਕਰੇਤਾ ਕੋਲ ਜਮ੍ਹਾਂ ਕਰਵਾਉਣ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਥਾਣਾ ਸਰਾਏ ਅਮਾਨਤ ਖਾਂ ਅਤੇ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਵੱਖ-ਵੱਖ ਪਿੰਡਾਂ ਦੇ 47 ਜਣਿਆਂ ਖਿਲਾਫ਼ ਕੇਸ ਦਰਜ ਕੀਤੇ ਹਨ| ਇਕੱਤਰ ਜਾਣਕਾਰੀ ਅਨੁਸਾਰ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਢੰਡ ਕਸੇਲ ਅਤੇ ਮੀਆਂਪੁਰ ਪਿੰਡਾਂ ਦੇ 20 ਜਣਿਆਂ ਵਿਰੁਧ ਧਾਰਾ 188 ਅਧੀਨ ਇਕ ਕੇਸ ਦਰਜ ਕੀਤਾ ਹੈ| ਇਸ ਤੋਂ ਇਲਾਵਾ ਸਥਾਨਕ ਥਾਣਾ ਸਦਰ ਦੇ ਪੁਲੀਸ ਅਧਿਕਾਰੀ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਪਿੰਡ ਕੱਦਗਿੱਲ, ਨੋਨੇ, ਖੱਬੇ ਡੋਗਰਾਂ, ਰੈਸ਼ੀਆਣਾ, ਪਿੱਦੀ, ਜੋਧਪੁਰ, ਮੁਗਲਚੱਕ ਪੰਨੂਆਂ, ਚੁਤਾਲਾ, ਮਾਨੋਚਾਹਲ ਕਲਾਂ, ਮਾਨੋਚਾਹਲ ਖੁਰਦ, ਸ਼ਾਹਬਾਜ਼ਪੁਰ ਆਦਿ ਪਿੰਡਾਂ ਦੇ 27 ਜਣਿਆਂ ਵਿਰੁਧ ਧਾਰਾ 188 ਅਧੀਨ ਕੇਸ ਦਰਜ ਕੀਤੇ ਹਨ| ਪੁਲੀਸ ਅਧਿਕਾਰੀਆਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਮਜਿਸਟਰੇਟ ਵੱਲੋਂ ਚੋਣਾਂ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਰੋਕਣ ਲਈ ਹੁਕਮ ਜਾਰੀ ਕੀਤੇ ਗਏ ਸਨ ਪਰ ਮੁਲਜ਼ਮਾਂ ਨੇ ਹੁਕਮਾਂ ਦੀ ਉਲੰਘਣਾ ਕਰਕੇ ਅਮਨ ਕਾਨੂੰਨ ਦੀ ਸਥਿਤੀ ਨਾਲ ਖਿਲਵਾੜ ਕੀਤਾ ਹੈ|