ਪੱਤਰ ਪ੍ਰੇਰਕ
ਪਠਾਨਕੋਟ, 17 ਜੁਲਾਈ
ਸੁਜਾਨਪੁਰ ਪੁਲੀਸ ਨੇ ਸ਼ਟਰਿੰਗ ਦੀਆਂ ਲੋਹੇ ਦੀਆਂ ਪਲੇਟਾਂ ਚੋਰੀ ਕਰਕੇ ਕਬਾੜੀਏ ਨੂੰ ਵੇਚਣ ਦੇ ਦੋਸ਼ ਹੇਠ ਕਬਾੜੀਏ ਸਮੇਤ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਦੋਹਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਅਨਿਲ ਪਵਾਰ ਨੇ ਦੱਸਿਆ ਕਿ ਪੁਲੀਸ ਨੇ ਸੁੰਦਰਚੱਕ ਮੋੜ ਮਲਿਕਪੁਰ ਵਿੱਚ ਨਾਕਾ ਲਗਾਇਆ ਹੋਇਆ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸੌਰਵ ਉਰਫ ਆਸ਼ੂ ਅਤੇ ਰਾਹੁਲ ਉਰਫ ਸੁਸ਼ੀਲ ਵਾਸੀ ਜਾਖਿਆਂ ਲਾਹੜੀ ਥਾਣਾ ਸੁਜਾਨਪੁਰ, ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਪਿੰਡ ਜਾਖਿਆਂ ਲਾਹੜੀ ਤੋਂ ਲੋਹੇ ਦੀ ਸ਼ਟਰਿੰਗ ਦੀਆਂ ਪਲੇਟਾਂ ਚੋਰੀ ਕੀਤੀਆਂ ਸਨ ਅਤੇ ਸਤਪਾਲ ਵਾਸੀ ਚੱਕ ਧਾਰੀਵਾਲ ਜਿਸ ਦੀ ਨਰੋਟ ਮਹਿਰਾ ਪੁਲੀ ਸਰਨਾ ਕੋਲ ਕਬਾੜੀ ਦੀ ਦੁਕਾਨ ਹੈ, ਨੂੰ ਵੇਚ ਦਿੱਤਾ ਸੀ। ਅੱਜ ਵੀ ਇਹ ਦੋਨੋਂ ਪਿੰਡ ਜਾਖਿਆਂ ਲਾਹੜੀ ਤੋਂ 4 ਸ਼ਟਰਿੰਗ ਪਲੇਟਾਂ ਚੋਰੀ ਕਰਕੇ ਕਾਰ ਵਿੱਚ ਕਬਾੜੀ ਨੂੰ ਵੇਚਣ ਜਾ ਰਹੇ ਹਨ। ਇਸ ਦੌਰਾਨ ਕਾਰ ਨੂੰ ਰੋਕਿਆ ਤੇ ਜਾਂਚ ਕਰਨ ’ਤੇ ਕਾਰ ਦਾ ਡਿੱਗੀ ਵਿੱਚੋਂ ਲੋਹੇ ਦੀ ਸ਼ਟਰਿੰਗ ਦੀਆਂ 4 ਪਲੇਟਾਂ ਮਿਲੀਆਂ। ਸੌਰਵ ਉਰਫ ਆਸ਼ੂ ਨੇ ਦੱਸਿਆ ਕਿ ਉਸ ਨੇ ਲੋਹੇ ਦੀ ਸ਼ਟਰਿੰਗ ਦੀਆਂ ਪਲੇਟਾਂ ਪਿੰਡ ਜਾਖਿਆਂ ਲਾਹੜੀ ਤੋਂ ਚੋਰੀ ਕੀਤੀਆਂ ਹਨ ਅਤੇ ਸਤਪਾਲ ਕਬਾੜੀ ਕੋਲ ਵੇਚਣ ਲਈ ਜਾ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਚੋਰੀ ਕੀਤੇ ਸਾਮਾਨ ਅਤੇ ਕਾਰ ਸਣੇ ਕਾਬੂ ਕਰ ਲਿਆ।