ਪੱਤਰ ਪ੍ਰੇਰਕ
ਪਠਾਨਕੋਟ, 21 ਜੁਲਾਈ
ਸਿਵਲ ਹਸਪਤਾਲ ਕੰਪਲੈਕਸ ਵਿੱਚ ਨਵਜੰਮੀ ਬੱਚੀ ਨੂੰ ਗੋਦੀ ਵਿੱਚ ਲੈ ਕੇ ਘੁਮਾ ਰਹੇ ਪਿਤਾ ਉੱਪਰ ਕੁੱਝ ਅਣਪਛਾਤਿਆਂ ਵੱਲੋਂ ਹਮਲਾ ਕਰ ਦਿੱਤੇ ਜਾਣ ਸਮੇਂ ਉਸ ਦੇ ਹੱਥਾਂ ਵਿੱਚੋਂ ਥੱਲੇ ਡਿੱਗ ਜਾਣ ਕਾਰਨ ਬੱਚੀ ਦੀ ਮੌਤ ਹੋ ਗਈ। ਪੁਲੀਸ ਨੇ 3 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸਥਾਨਕ ਗੁਰੂ ਗੋਬਿੰਦ ਨਗਰ ਦੇ ਰਹਿਣ ਵਾਲੇ ਬੱਚੀ ਦੇ ਪਿਤਾ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਉਸ ਨੇ ਆਪਣੀ ਗਰਭਵਤੀ ਪਤਨੀ ਸੀਮਾ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। ਉਸੇ ਰਾਤ ਬੱਚੀ ਨੇ ਜਨਮ ਲਿਆ। 19 ਜੁਲਾਈ ਦੀ ਰਾਤ ਨੂੰ 11 ਵਜੇ ਕਰੀਬ ਗਰਮੀ ਦੇ ਚਲਦੇ ਉਹ ਬੱਚੀ ਨੂੰ ਲੈ ਕੇ ਘੁੰਮਾੳਣ ਲਈ ਉਥੇ ਹਸਪਤਾਲ ਦੇ ਕੰਪਲੈਕਸ ਵਿੱਚ ਸਸਤੀ ਰਸੋਈ ਦੇ ਕੋਲ ਟਹਿਲ ਰਿਹਾ ਸੀ ਤਾਂ ਅਚਾਨਕ 3 ਅਣਪਛਾਤੇ ਵਿਅਕਤੀ ਆਏ। ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ ਅਤੇ ਉਨ੍ਹਾਂ ਨੇ ਆਉਂਦੇ ਸਾਰ ਹੀ ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਾਰਕੁੱਟ ਦੌਰਾਨ ਉਸ ਦੀ ਬੱਚੀ ਉਸ ਦੇ ਹੱਥਾਂ ਵਿੱਚੋਂ ਡਿੱਗ ਗਈ। ਇਸ ਦੇ ਬਾਅਦ ਬੱਚੀ ਦੀ ਹਾਲਤ ਨੂੰ ਗੰਭੀਰ ਦੇਖ ਕੇ ਉਸ ਨੂੰ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਬੱਚੀ ਦੀ ਲਾਸ਼ ਪੋਸਟਮਾਰਟਮ ਕਰਵਾਉਣ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।