ਐਨਪੀ ਧਵਨ
ਪਠਾਨਕੋਟ, 10 ਅਪਰੈਲ
ਇਥੇ ਇੱਕ ਪ੍ਰਾਈਵੇਟ ਸਕੂਲ ਦੇ ਖਿਲਾਫ ਕੋਵਿਡ-19 ਨਿਯਮਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਆਈਪੀਸੀ ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਥੇ ਸੇਂਟ ਜੋਸਫ ਕਾਨਵੈਂਟ ਸਕੂਲ ਵਿੱਚ ਬੱਚਿਆਂ ਨੂੰ ਬੁਲਾ ਕੇ ਪ੍ਰੀਖਿਆ ਲਈ ਜਾ ਰਹੀ ਸੀ। ਜਿਉਂ ਹੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪੁਲੀਸ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਹ ਸਕੂਲ ਵਿੱਚ ਪੁੱਜੇ ਅਤੇ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 30 ਅਪਰੈਲ ਤੱਕ ਸਾਰੇ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹੋਏ ਹਨ।
ਡਿਪਟੀ ਡੀਈਓ ਨੇ ਮਾਮਲੇ ਦੀ ਪੁਸ਼ਟੀ ਕੀਤੀ
ਡਿਪਟੀ ਡੀਈਓ ਰਾਜੇਸ਼ਵਰ ਸਿੰਘ ਸਲਾਰੀਆ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਬੱਚਿਆਂ ਨੂੰ ਸਕੂਲ ਬੁਲਾ ਕੇ ਪ੍ਰੀਖਿਆ ਲਈ ਜਾ ਰਹੀ ਹੈ। ਉਸ ਨੇ ਜਦੋਂ ਸਕੂਲ ਦਾ ਦੌਰਾ ਕੀਤਾ ਤਾਂ 100 ਦੇ ਕਰੀਬ ਬੱਚੇ ਪ੍ਰੀਖਿਆ ਦੇ ਰਹੇ ਸਨ ਪਰ ਸਕੂਲ ਵਲੋਂ 70 ਦੇ ਕਰੀਬ ਬੱਚਿਆਂ ਨੂੰ ਸਕੂਲ ਵਿੱਚ ਬੁਲਾਏ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਜੋ ਕਿ ਕੋਵਿਡ-19 ਨਿਯਮਾਂ ਦੇ ਖਿਲਾਫ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਰਿਪੋਰਟ ਤਿਆਰ ਕਰਕੇ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਭੇਜ ਦਿੱਤੀ ਗਈ ਹੈ। ਉਸ ਦੇ ਬਾਅਦ ਜੋ ਆਦੇਸ਼ ਆਉਣਗੇ, ਉਸ ਤਹਿਤ ਕਾਰਵਾਈ ਕਰ ਦਿੱਤੀ ਜਾਵੇਗੀ। ਥਾਣਾ ਡਵੀਜ਼ਨ ਨੰਬਰ ਇਕ ਦੇ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਜਾਂਚ ਕਰਨ ਬਾਅਦ ਤੱਥਾਂ ਦੇ ਆਧਾਰ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ।