ਗੁਰਬਖਸ਼ਪੁਰੀ
ਤਰਨ ਤਾਰਨ, 20 ਅਗਸਤ
ਬੁੱਧਵਾਰ ਨੂੰ ਸ਼ਹਿਰ ਦੀ ਮੁਰਾਦਪੁਰ ਆਬਾਦੀ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਆਪ’ ਦੇ ਵਰਕਰਾਂ ਦਰਮਿਆਨ ਹੋਈਆਂ ਹਿੰਸਕ ਝੜਪਾਂ ਅਤੇ ਦੋਹਾਂ ਧਿਰਾਂ ਵਿਚਾਲੇ ਗੋਲੀਆਂ ਚੱਲਣ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ‘ਆਪ’ ਵਲੋਂ ਬਣਾਏ ਦਬਾਅ ਅੱਗੇ ਝੁੱਕਦਿਆਂ ਕਾਂਗਰਸ ਪਾਰਟੀ ਦੇ ਅੱਠ ਆਗੂਆਂ ਖਿਲਾਫ਼ ਅੱਜ ਸ਼ੁੱਕਰਵਾਰ ਨੂੰ ਕਰਾਸ ਕੇਸ ਦਰਜ ਕੀਤਾ ਹੈ| ਇਸ ਤੋਂ ਪਹਿਲਾਂ ਥਾਣਾ ਮੁੱਖੀ ਇੰਸਪੈਕਟਰ ਜਸਵੰਤ ਸਿੰਘ ਨੇ ਆਪਣੇ ਹੀ ਬਿਆਨਾਂ ਨਾਲ ਸੂਬੇ ਦੀ ਵਿਰੋਧੀ ਧਿਰ ‘ਆਪ’ ਦੇ 50 ਤੋਂ ਵੀ ਜਿਆਦਾ ਵਲੰਟੀਅਰਾਂ ਵਿਰੁਧ ਸੰਗੀਨ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਸੀ| ਪੁਲੀਸ ਦੀ ਇਸ ਧੱਕੇਸ਼ਾਹੀ ਖਿਲਾਫ਼ ਕੱਲ੍ਹ ‘ਆਪ’ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਜੈ ਕ੍ਰਿਸ਼ਨ ਰੋੜੀ ਦੀ ਅਗਵਾਈ ਵਿੱਚ ਪਾਰਟੀ ਵਾਲੰਟੀਅਰਾਂ ਨੇ ਇੱਥੇ ਪੁਲੀਸ ਦੀ ਕਾਰਵਾਈ ਖਿਲਾਫ਼ ਧਰਨਾ ਦਿੱਤਾ ਸੀ| ਆਗੂਆਂ ਨਿਆਂ ਨਾ ਮਿਲਣ ਤੇ ਤਿੱਖਾ ਅੰਦੋਲਨ ਵਿੱਢਣ ਦੀ ਚਿਤਾਵਨੀ ਦਿੱਤੀ ਸੀ| ਅੱਜ ਕਾਂਗਰਸ ਪਾਰਟੀ ਦੇ ਜਿਹੜੇ ਆਗੂਆਂ ਖਿਲਾਫ਼ ਕਰਾਸ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ਵਿੱਚ ਐੱਮਸੀ ਤਰਸੇਮ ਸਿੰਘ ਗੌਤਮ, ਉਸ ਦਾ ਲੜਕਾ ਹਿਮਾਂਸ਼ੂ, ਕੇਵਲ ਕਪੂਰ, ਮਨੀ, ਜੋਤੀ, ਰਾਜਾ, ਸ਼ੇਰੂ, ਬੱਬੂ ਜੋਤੀ ਆਦਿ ਦਾ ਨਾਂ ਸ਼ਾਮਲ ਹੈ| ਕਰਾਸ ਕੇਸ ਦਰਜ ਕਰਵਾਏ ਜਾਣ ਨੂੰ ‘ਆਪ’ ਆਗੂ ਗੁਰਦੇਵ ਸਿੰਘ ਸੰਧੂ ਅਤੇ ਹੋਰਨਾਂ ਨੇ ਆਮ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ|